(24-11-2025)
ਪੀ.ਐੱਸ.ਐੱਮ.ਐੱਸ.ਯੂ. ਦੀ ਸੂਬਾ ਬਾਡੀ ਵੱਲੋਂ ਜਿਲ੍ਹਾ ਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਇਸੇ ਪ੍ਰੋਗਰਾਮ ਤਹਿਤ ਅੱਜ ਜਿਲ੍ਹਾ ਯੂਨਿਟ ਫਾਜ਼ਿਲਕਾ ਦੀ ਜਿਲ੍ਹਾ ਲੀਡਰਸ਼ਿਪ ਅਤੇ ਇਥੋਂ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮਨਿਸਟੀਰੀਅਲ ਕਰਮਚਾਰੀਆਂ ਅਤੇ ਉਹਨਾਂ ਦੀ ਵਿਭਾਗੀ ਜਥੇਬੰਦੀਆਂ ਦੇ ਆਗੂਆਂ ਨਾਲ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਪਿਛਲੇ ਦਿਨੀਂ ਫਿਰੋਜ਼ਪੁਰ, ਮਾਨਸਾ ਅਤੇ ਬਠਿੰਡਾ ਅਤੇ ਅੱਜ ਇੱਥੇ ਫਾਜ਼ਿਲਕਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਜ਼ਿਲ੍ਹਾ ਆਗੂਆਂ ਦੇ ਵਿਚਾਰਾਂ ਮੁਤਾਬਕ ਮਹਿਸੂਸ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਪਿਛਲੇ ਪੌਣੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਨੇ ਮੁਲਾਜਮਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ। ਸਗੋਂ ਧਰਨਿਆਂ ਮੁਜਾਹਰਿਆਂ ਵਿਚੋਂ ਨਿਕਲੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਉਲਟਾ ਮੁਲਾਜਮਾਂ ਦੇ ਰੋਸ ਪ੍ਰਦਰਸ਼ਨਾਂ ਤੇ ਡਾਂਗ ਵਰਾਈ ਜਾਂਦੀ ਹੈ। ਪਿਛਲੇ ਦਿਨੀਂ ਤਰਨਤਾਰਨ ਵਿਖੇ ਜਥੇਬੰਦੀ ਵੱਲੋਂ ਕੀਤੇ ਰੋਸ ਮਾਰਚ ਤੇ ਲਾਠੀ ਚਾਰਜ ਕਰਕੇ ਬੇਰੁਮਤੀ ਕੀਤੀ ਅਤੇ ਤਸ਼ੱਦਦ ਢਾਹਿਆ ਗਿਆ। ਇਸ ਤੋਂ ਜਾਪਦਾ ਹੈ ਕਿ ਮੁਲਾਜਮਾਂ ਲਈ ਪੰਜਾਬ ਵਿੱਚ ਉਹਨਾਂ ਵਾਸਤੇ ਸਰਕਾਰ ਨਾਂ ਦੀ ਕੋਈ ਚੀਜ ਨਹੀਂ ਹੈ। ਇਸ ਤੋਂ ਖ਼ਫ਼ਾ ਹੋ ਕੇ ਮੁਲਾਜ਼ਮ ਵੀ ਬੇਗਾਨਗੀ ਵਿੱਚ ਕਹਿਣ ਲੱਗੇ ਹਨ ਕਿ ” ਜੇਕਰ ਅਸੀਂ ਨਹੀਂ ਤੁਹਾਡੇ ਤਾਂ ਤੁਸੀਂ ਵੀ ਨਹੀਂ ਸਾਡੇ”। ਇਸ ਲਈ 2027 ਵਿੱਚ ਸਿਆਸੀ ਸੱਟ ਮਾਰਨ ਲਈ ਮੁਲਾਜਮਾਂ ਨੇ ਹੁਣੇ ਤੋਂ ਤਿਆਰੀ ਆਰੰਭ ਕਰ ਦਿੱਤੀ ਹੈ। ਇਸੇ ਸੰਦਰਭ ਵਿੱਚ ਸਮੇਂ ਦੀ ਲੋੜ ਮਹਿਸੂਸ ਕਰਦਿਆਂ ਜਥੇਬੰਦੀ ਦੇ ਤਹਿਸੀਲ ਪੱਧਰ ਦੇ ਯੂਨਿਟ ਨੂੰ ਵਿਧਾਨ ਸਭਾ ਹਲਕਾ ਵਾਈਜ ਕਰਨ ਦਾ ਫੈਸਲਾ ਕੀਤਾ ਹੈ। ਜਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਦੇ ਹਲਕਿਆਂ ਮੁਤਾਬਕ ਮਨਿਸਟੀਰੀਅਲ ਹਲਕਾ ਪ੍ਰਧਾਨ ਚੁਣੇ ਜਾਣਗੇ। ਪਿੰਡਾਂ ਅਤੇ ਸ਼ਹਿਰਾਂ ਦੇ ਦਫ਼ਤਰਾਂ, ਸਕੂਲਾਂ ਅਤੇ ਬੂਥਾਂ ਤੇ ਤੈਨਾਤ ਮਨਿਸਟੀਰੀਅਲ ਕਾਮੇ ਜੋ ਬੀ.ਐਲ.ਓ. ਵਜੋਂ ਸੇਵਾਵਾਂ ਵੀ ਨਿਭਾ ਰਹੇ ਹਨ ਜਾਂ ਜਿਸ ਬੂਥ ਦੇ ਹਲਕੇ ਵਿੱਚ ਰਹਾਇਸ਼ ਰੱਖਦੇ ਹਨ, ਉੱਥੇ ਹੇਠਲੇ ਪੱਧਰ ਤੱਕ ਮੁਲਾਜਮਾਂ ਨਾਲ ਹੋ ਰਹੇ ਧੱਕੇ, ਕੀਤੇ ਜਾ ਰਹੇ ਸੋਸ਼ਣ ਅਤੇ ਖੋਹੇ ਗਏ ਹੱਕਾਂ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ ਇਸ ਤੋਂ ਇਲਾਵਾ ਇਹ ਮੁਲਾਜ਼ਮ ਜਿੱਥੇ ਸਰਕਾਰ ਦੀਆਂ ਸੇਵਾਵਾਂ ਆਮ ਜਨਤਾ ਤੱਕ ਪਹੁਚਾਉਣ ਦਾ ਕੰਮ ਕਰਨਗੇ, ਉਥੇ ਸਰਕਾਰ ਵਿੱਚ ਸ਼ਾਮਿਲ ਲੋਕਾਂ ਵੱਲੋਂ ਪੰਜਾਬ ਨੂੰ ਲੁੱਟਣ ਦੇ ਉਲੀਕੇ ਜਾ ਰਹੇ ਮਨਸੂਬੇ, ਗਲਤ ਨੀਤੀਆਂ ਅਤੇ ਬਾਹਰੀ ਲੋਕਾਂ ਦੇ ਦਖਲ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਮਹਿਸੂਸ ਕੀਤਾ ਗਿਆ ਹੈ ਕਿ ਜਦ ਔਰਤਾਂ ਨੂੰ ਸਰਕਾਰ ਅਤੇ ਸਮਾਜ ਦੇ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਹਨ ਤਾਂ ਜਥੇਬੰਦੀ ਵਿੱਚ ਬਰਾਬਰ ਦੀ ਭਾਈਵਾਲੀ ਹੋਣੀ ਚਾਹੀਦੀ ਹੈ। ਇਸ ਲਈ ਮਨਿਸਟੀਰੀਅਲ ਕਾਡਰ ਵਿੱਚ ਤੈਨਾਤ ਔਰਤ ਕਰਮਚਰਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜਥੇਬੰਦੀ ਵਿੱਚ ਆਪਣੀ ਭਾਗੀਦਾਰੀ ਲੈਣ ਲਈ ਅੱਗੇ ਆਉਣ, ਭਾਂਵੇ ਕਿ ਪਹਿਲਾਂ ਹੀ ਕੁਝ ਲੇਡੀਜ਼ ਐਕਟਿਵਲੀ ਜ਼ਿਲ੍ਹਾ ਪੱਧਰ ਤੇ ਜੱਥੇਬੰਦੀ ਵਿੱਚ ਕੰਮ ਕਰਦੀਆਂ ਹਨ। ਫਿਰ ਵੀ ਜਥੇਬੰਦੀ ਵੱਲੋਂ ਵਿੱਚ ਸੰਵਿਧਾਨਿਕ ਸੋਧ ਦਾ ਫੈਸਲਾ ਲੈਂਦਿਆਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਿਲ੍ਹਾ ਯੂਨਿਟ ਅਧੀਨ ਹਰ ਦਫਤਰ ਵਿਚ ਇਸਤਰੀ ਵਿੰਗ ਦੀ ਸਥਾਪਨਾ ਕੀਤੀ ਜਾਵੇ ਅਤੇ ਉਸ ਉਪਰੰਤ ਜਿਲ੍ਹਾ ਪੱਧਰ ਤੇ ਜਿਲ੍ਹਾ ਬਾਡੀ ਵਿੱਚ 50 ਫੀਸਦੀ ਆਹੁਦੇ ਲੇਡੀਜ਼ ਸਟਾਫ਼ ਨੂੰ ਦਿੱਤੇ ਜਾਣ। ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਸਟੇਟ ਬਾਡੀ ਵਿੱਚ ਵੀ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਖੁਸ਼ਕਰਨਜੀਤ ਸਿੰਘ ਸੂਬਾ ਪ੍ਰਧਾਨ ਐਕਸਾਈਜ ਵਿਭਾਗ, ਅਮਰਜੀਤ ਸਿੰਘ ਚਾਵਲਾ, ਸੁਨੀਲ ਕੁਮਾਰ ਕੰਬੋਜ ਡੀਸੀ ਦਫ਼ਤਰ, ਪ੍ਰਧਾਨ ਡੀ.ਸੀ. ਦਫਤਰ ਯੂਨੀਅਨ ਅਸ਼ੋਕ ਕੁਮਾਰ, ਸੁਖਦੇਵ ਚੰਦ ਕੰਬੋਜ, ਸੁਰਿੰਦਰਪਾਲ ਸਿੰਘ ਜਲ ਵਿਭਾਗ, ਜਸਵਿੰਦਰ ਸਿੰਘ ਸਿਖਿਆ ਵਿਭਾਗ, ਹਰਦੀਪ ਸਿੰਘ ਸਿਖਿਆ ਵਿਭਾਗ, ਸੁਨੀਲ ਕੁਮਾਰ, ਜਗਜੀਤ ਸਿੰਘ ਤੋਂ ਇਲਾਵਾ ਸਿਖਿਆ ਵਿਭਾਗ, ਡੀ.ਸੀ. ਦਫਤਰ, ਰੋਜਗਾਰ ਵਿਭਾਗ, ਵਾਟਰ ਸਪਲਾਈ ਵਿਭਾਗ, ਨਹਿਰੀ ਵਿਭਾਗ, ਪੀ.ਡਬਲਿਓ.ਡੀ. ਵਿਭਾਗ, ਐਕਸਾਈਜ ਵਿਭਾਗ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਤੇ ਲੇਡੀਜ਼ ਸਟਾਫ਼ ਕਾਫੀ ਗਿਣਤੀ ਵਿਚ ਮੌਜੂਦ ਸੀ।



