ਨੋਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਰਸੋਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਕਣ ਕਣ ਸਾਫ ਸੁਥਰਾ ਕਰਨ ਲਈ ਹਰ ਵਾਰਡ, ਸੜਕ, ਗਲੀ, ਚੁਗਿੰਰਦੇ ਵਿੱਚ ਸਫਾਈ ਅਭਿਆਨ ਚਲਾਇਆ ਜਾਵੇਗਾ। ਗੁਰੂ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਸਮੁੱਚਾ ਇਲਾਕਾ ਪੂਰੀ ਤਰਾਂ ਸਵੱਛ ਰੱਖਿਆ ਜਾਵੇਗਾ, ਇਸ ਦੇ ਲਈ ਨਗਰ ਕੋਂਸਲ ਤੋ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆਂ ਦੇ ਨਾਲ ਨਾਲ ਸਥਾਨਕ ਵਾਸੀਆਂ ਤੋਂ ਵੀ ਇਸ ਨਗਰ ਨੂੰ ਸਵੱਛ ਰੱਖਣ ਲਈ ਸਹਿਯੋਗ ਲਿਆ ਜਾਵੇਗਾ। ਹਫਤਾਵਾਰੀ ਮੈਗਾ ਸਫਾਈ ਅਭਿਆਨ ਚਲਾ ਕੇ ਗੁਰੂ ਨਗਰੀ ਦਾ ਕੋਨਾ ਕੋਨਾ ਲਿਸ਼ਕਾਇਆ ਜਾਵੇਗਾ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸੁਰੂ ਕੀਤੀ ਸਫਾਈ ਮੁਹਿੰਮ ਦੌਰਾਨ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਤੋਂ ਪਹਿਲਾ ਸ੍ਰੀ ਅਨੰਦਪੁਰ ਸਾਹਿਬ ਦਾ ਕੋਨਾ ਕੋਨਾ ਲਿਸ਼ਕਾਇਆ ਜਾਵੇਗਾ। ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੰਗੇ ਪੈਰ ਗੁਰੂ ਨਗਰੀ ਦੇ ਸੜਕਾਂ, ਬਜ਼ਾਰਾ ਵਿੱਚ ਸਫਾਈ ਸੇਵਾ ਕਰ ਰਹੇ ਸਨ। ਉਨ੍ਹਾਂ ਦੇ ਨਾਲ ਐਸ.ਡੀ.ਐਮ ਜਸਪ੍ਰੀਤ ਸਿੰਘ, ਪ੍ਰਸਾਸ਼ਨ ਦੇ ਅਧਿਕਾਰੀ ਅਤੇ ਨਗਰ ਕੋਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਤੇ ਕੋਸਲਰ, ਨਗਰ ਕੋਂਸਲ ਦੇ ਮੁਲਾਜ਼ਮ ਅਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਇਸ ਸਫਾਈ ਸੇਵਾ ਵਿੱਚ ਲੱਗੇ ਹੋਏ ਸਨ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 2022 ਵਿੱਚ ਗੁਰੂ ਸਾਹਿਬ ਦੀ ਬਖਸ਼ਿਸ ਨਾਲ ਇਸ ਇਲਾਕੇ ਦੇ ਸੰਗਤ ਨੇ ਉਨ੍ਹਾਂ ਨੂੰ ਇਸ ਹਲਕੇ ਦੀ ਸੇਵਾ ਸੋਂਪੀ ਹੈ, ਇਹ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਜੁਲਮ ਵਿਰੁੱਧ ਅਵਾਜ਼ ਬੁਲੰਦ ਕੀਤੀ ਅਤੇ ਦਿੱਲੀ ਵਿਚ ਜਾ ਕੇ ਸ਼ਹੀਦੀ ਦਿੱਤੀ। ਨੌਵੇਂ ਪਾਤਸ਼ਾਹ ਦਾ ਸੀਸ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਅਤੇ ਜਿਸ ਅਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸੋਭਿਤ ਹੈ। ਇਸ ਅਸਥਾਨ ਤੇ ਹੀ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਹੋਣਗੇ, ਜਿੱਥੇ ਸੰਸਾਰ ਭਰ ਤੋਂ ਲੱਖਾਂ ਕਰੋੜਾਂ ਸੰਗਤਾਂ ਪਹੁੰਚਣਗੀਆਂ, ਇਸ ਲਈ ਇਸ ਨਗਰੀ ਦੀ ਸਫਾਈ ਦੀ ਮੁਹਿੰਮ ਅੱਜ ਤੋਂ ਸੁਰੂ ਕੀਤੀ ਹੈ, ਜਿਸ ਨੂੰ ਸੇਵਾ ਦੀ ਭਾਵਨਾ ਨਾਲ ਕਰ ਰਹੇ ਹਾਂ। ਉਨ੍ਹਾਂ ਨੇ ਪ੍ਰਮੁੱਖ ਮਾਰਗਾਂ, ਬਜ਼ਾਰਾ, ਸੜਕਾਂ ਦੀ ਸਫਾਈ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖਰਾ ਰੱਖਣ, ਜਿਸ ਨੂੰ ਸਹੀ ਢੰਗ ਨਾਲ ਨਿਪਟਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਹ ਸਫਾਈ ਮੁਹਿੰਮ ਨਗਰ ਦੇਂ ਹਰ ਵਾਰਡ, ਗਲੀ, ਮੁਹੱਲੇ ਤੱਕ ਪਹੁੰਚੇਗੀ ਤੇ ਕੋਨਾ ਕੋਨਾ ਲਿਸ਼ਕਾਇਆ ਜਾਵੇਗਾ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦਾ ਜਨਮ ਅਸਥਾਨ ਹੈ, ਇਹ ਉਹ ਪਵਿੱਤਰ ਧਰਤੀ ਹੈ ਜਿਸ ਦੇ ਕਣ ਕਣ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ, ਇਸ ਨੂੰ ਸਾਫ ਸੁਥਰਾ ਰੱਖਣਾ ਸਾਡਾ ਨੈਤਿਕ ਫਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਅੱਜ “World Nature Conservation Day“ ਮੌਕੇ ਅਸੀ ਸਭ ਤੋ ਵਾਤਾਵਰਣ ਤੇ ਪੋਣ ਪਾਣੀ ਦੀ ਸਾਂਭ ਸੰਭਾਲ ਦਾ ਪ੍ਰਣ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਰੁੱਖਾਂ ਅਤੇ ਜੀਵਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ, ਧਰਤੀ ਦੀ ਸਿਹਤ, ਪਾਣੀ ਦੀ ਸੰਭਾਲ ਤੇ ਕੁਦਰਤੀ ਸ੍ਰੋਤਾਂ ਦਾ ਰੱਖ ਰਖਾਓ ਕਰਨ ਨੂੰ ਤਰਜੀਹ ਦੇਣੀ ਹੈ, ਉਹ ਅੱਜ ਆਪਣੇ ਸਾਥੀਆਂ ਨਾਲ ਨੰਗੇ ਪੈਰ ਇਸ ਸੇਵਾ ਵਿੱਚ ਲੰਮਾਂ ਸਮਾਂ ਜੁਟੇ ਰਹੇ।
ਇਸ ਮੌਕੇ ਸ.ਗੁਰਦੀਪ ਸਿੰਘ ਕਾਰਜ ਸਾਧਕ ਅਫਸਰ, ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਸੁਨੀਲ ਅਡਵਾਲ ਪ੍ਰਧਾਨ ਰੇੜੀ ਖੋਖਾ ਯੂਨੀਅਨ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਠੇਕੇਦਾਰ ਜਗਜੀਤ ਸਿੰਘ ਜੱਗੀ ਆਪ ਆਗੂ, ਮਨਜੀਤ ਸਿੰਘ ਬੀ.ਪੀ ਈ.ਓ, ਬਲਬੀਰ ਕੌਰ ਕੌਂਸਲਰ, ਸ.ਕੁਲਦੀਪ ਸਿੰਘ, ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ, ਬਿੱਲਾ, ਮਦਨ ਲਾਲ ਸੈਂਨਟਰੀ ਇੰਸਪੈਕਟਰ, ਇੰਦਰਜੀਤ ਸਿੰਘ ਅਰੋੜਾ, ਵਿਜੇ ਗਰਚਾ, ਪ੍ਰਧਾਨ ਕੁਲਦੀਪ ਸਿੰਘ ਦੀਪਾ, ਅਬਜੀਤ ਸਿੰਘ ਅਲੈਕਸੀ ਆਪ ਆਗੂ, ਕੈਪਟਨ ਦਲਜੀਤ ਸਿੰਘ ਸੁਪਰਵਾਈਜ਼ਰ, ਜਸਪਾਲ ਸਿੰਘ ਪੰਮੀ, ਹੁਸਨ ਚੰਦ, ਕੈਪਟਨ ਅਨੂਪ ਸਿੰਘ ਘੱਟੀਵਾਲ, ਜਸਵੰਤ ਸਿੰਘ, ਬੀਬੀ ਰਣਜੀਤ ਕੌਰ ਆਪ ਆਗੂ, ਸਵਰਨ ਕੌਰ, ਤਰਲੋਕ ਸਿੰਘ ਹੋਲਗੜ ਹਾਜ਼ਰ ਸਨ।