ਵਧੀਕ ਡਿਪਟੀ ਕਮਿਸ਼ਨਰ ਜਨਰਲ ਦੀ ਅਗਵਾਈ ਹੇਠ ਸਿਹਤ ਵਿਭਾਗ ਤੇ ਨਗਰ ਕੌਂਸਲ ਵੱਲੋਂ ਸਾਂਝੇ ਤੌਰ ਤੇ ਡੇਂਗੂ ਖਿਲਾਫ ਉਲੀਕੀ ਗਈ ਗਤੀਵਿਧੀ।

ਫਾਜ਼ਿਲਕਾ 24 ਅਕਤੂਬਰ
ਡੇਂਗੂ ਦੇ ਪ੍ਰਸਾਰ ਨੂੰ ਰੋਕਣ ਅਤੇ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਮਾਰਗਦਰਸ਼ਨ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਡਾ ਰੋਹਿਤ ਗੋਇਲ ਸਿਵਲ ਸਰਜਨ, ਡਾ ਅਰਪਿਤ ਗੁਪਤਾ ਸਹਾਇਕ ਸਿਵਲ ਸਰਜਨ ਦੀ ਮੋਜੂਦਗੀ ਵਿੱਚ ਅਤੇ ਨਗਰ ਕੌਂਸਲ ਵੱਲੋਂ ਸਾਂਝੇ ਤੌਰ *ਤੇ ਵਿਸ਼ੇਸ਼ ਮੁਹਿੰਮ ਚਲਾਉਦਿਆਂ ਡੋਰ ਟੂ ਡੋਰ ਸਰਵੇਅ ਕੀਤਾ ਗਿਆ। ਇਸ ਦੌਰਾਨ ਡੇਂਗੂ ਦੇ ਆ ਰਹੇ ਕੇਸਾਂ ਦੀ ਰੋਕਥਾਮ ਲਈ ਸਾਫ-ਸਫਾਈ ਅਭਿਆਨ ਚਲਾਉਣ ਦੇ ਨਾਲ-ਨਾਲ ਗਲੀ-ਮੁਹੱਲਿਆਂ ਤੇ ਘਰਾਂ ਅੰਦਰ ਫੌਗਿੰਗ ਕਰਵਾਈ ਜਾ ਰਹੀ ਹੈ। ਉਹ ਖੁਦ ਵੀ ਅਧਿਕਾਰੀਆਂ ਨੂੰ ਨਾਲ ਲੈ ਰਾਧਾ ਸਵਾਮੀ ਕਲੋਨੀ ਤੇ ਜਟੀਆਂ ਮੁਹੱਲਾ ਵਿਖੇ ਪਹੁੰਚ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਤੇ ਅਗਾਉ ਪਰਹੇਜਾਂ ਬਾਰੇ ਜਾਗਰੂਕ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸੰਬੋਧਨ ਕਰਦਿਆਂ ਕਿਹਾ ਕਿ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਟੀਮਾਂ ਫੀਲਡ ਵਿਚ ਹਨ ਤੇ ਘਰ-ਘਰ ਜਾ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਰਵਾ ਮਿਲਣ ਵਾਲਿਆਂ ਦੇ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਹੁਣ ਤੱਕ 167 ਚਲਾਨ ਵੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲਾਰਵਾ ਮਿਲਣ ਵਾਲਿਆਂ ਦੇ ਜਿਥੇ ਚਲਾਨ ਕੀਤੇ ਜਾ ਰਹੇ ਹਨ ਉਥੇ ਉਨ੍ਹਾਂ ਨੁੰ ਘਰਾ ਅੰਦਰ ਫਰਿਜਾਂ, ਕੂਲਰਾਂ, ਟਾਇਰਾਂ, ਖੁੱਲੇ ਵਿਚ ਬਰਤਨ ਵਿਚ ਪਾਣੀ ਨਾ ਖੜਾ ਹੋਣ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਾਰਵੇ ਦੀ ਬ੍ਰੀਡਿੰਗ ਚੈਕ ਕਰ ਰਹੀਆਂ ਹਨ ਜਿਥੇ ਲਾਰਵਾ ਮਿਲਦਾ ਹੈ ਨਾਲੋ-ਨਾਲ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਜੋ ਇਸਦਾ ਫੈਲਾਅ ਨਾ ਹੋ ਸਕੇ।
ਉਨ੍ਹਾਂ ਕਿਹਾ ਕਿ ਹਾਟ-ਸਪਾਟ ਖੇਤਰਾਂ ਜਿੰਨ੍ਹਾਂ ਵਿਚ ਡੇਂਗੂ ਦੇ ਕੇਸ ਆ ਰਹੇ ਹਨ ਉਥੇ ਵਿਸ਼ੇਸ਼ ਤਰਜੀਹ ਦਿੰਦਿਆਂ ਸਿਹਤ ਵਿਭਾਗ ਦੀਆਂ ਟੀਮਾ ਨੂੰ ਰੋਜਾਨਾ ਚੈਕਿੰਗ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤੇ ਨਗਰ ਕੌਂਸਲ ਨੂੰ ਵਾਰ-ਵਾਰ ਫੋਗਿੰਗ ਕਰਨ ਲਈ ਕਿਹਾ ਗਿਆ ਤਾਂ ਜੋ ਇਥੇ ਹੀ ਡੇਂਗੂ ਦੀ ਰੋਕਥਾਮ ਕੀਤੀ ਜਾ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਵਿਚ ਕਿਸੇ ਵੀ ਥਾਂ *ਤੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ, ਘਰਾਂ ਵਿਚ ਫਰਿਜਾਂ, ਕੁਲਰਾਂ, ਟਰੇਆਂ, ਟਾਇਰਾਂ ਨੂੰ ਸੁੱਕਾ ਕੇ ਰੱਖਿਆ ਜਾਵੇ, ਜਿਥੇ ਲਾਰਵਾ ਮਿਲਦਾ ਹੈ ਉਸਨੂੰ ਨਾਲੋ-ਨਾਲ ਨਸ਼ਟ ਕੀਤਾ ਜਾਵੇ ਅਤੇ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਾਏ ਜਾਣ। ਬਜੁਰਗ ਤੇ ਬਚਿਆਂ ਨੂੰ ਵਿਸ਼ੇਸ਼ ਸੰਭਾਲ ਰੱਖਣ ਦੀ ਜਰੁਰਤ ਹੈ ਤੇ ਬੁਖਾਰ ਆਦਿ ਦੇ ਲੱਛਣ ਹੋਣ *ਤੇ ਸਿਵਲ ਹਸਪਤਾਲ ਵਿਖੇ ਸੰਪਰਕ ਕੀਤਾ ਜਾਵੇ ਤੇ ਆਪਦੀ ਜਾਂਚ ਕਰਵਾਈ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ.ਰੋਹਿਤ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ 16 ਟੀਮਾਂ ਕਾਰਜਸ਼ੀਲ ਹਨ ਤੇ ਡੇਂਗੂ ਖਿਲਾਫ ਚੈਕਿੰਗ ਕਰ ਰਹੀਆਂ ਹਨ ਤੇ ਜਾਂਚ ਵੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਟ ਸਪਾਟ ਖੇਤਰਾਂ ਵਿਖੇ ਮੈਡੀਕਲ ਸਕਰੀਨਿੰਗ ਕੈਂਪ ਲਗਾ ਕੇ ਲੱਛਣ ਦਿਖਾਈ ਦੇਣ ਵਾਲੇ ਲੋਕਾਂ ਦੇ ਟੈਸਟ ਵੀ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਸ਼ਕੀ ਮਰੀਜ ਕਰਕੇ ਡੇਂਗੂ ਦਾ ਪ੍ਰਸਾਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਰਾਧਾ ਸਵਾਮੀ ਕਲੋਨੀ ਤੇ ਜਟੀਆਂ ਮੁਹੱਲਾ ਵਿਖੇ ਲਗਾਏ ਗਏ ਮੈਡੀਕਲ ਸਕਰੀਨਿੰਗ ਕੈਂਪ ਵਿਖੇ ਬੁਖਾਰ ਆਦਿ ਦੇ ਲੱਛਣ ਦਿਖਾਈ ਦੇਣ ਵਾਲੇ ਮਰੀਜਾਂ ਦੇ ਟੈਸਟ ਬਿਲੁਕਲ ਮੁਫਤ ਕੀਤੇ ਗਏ ਤੇ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ ਗਿਆ।
ਇਸ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਵਿਕਰਮ ਧੂੜੀਆ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਘਰ-ਘਰ ਜਾ ਕੇ ਡੇਂਗੂ ਖਿਲਾਫ ਜਾਗਰੂਕਤਾ ਪੰਫਲੈਂਟ ਵੰਡਿਆ ਜਾ ਰਿਹਾ ਹੈ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲਗਾਤਾਰ ਫੋਗਿੰਗ ਆਰੰਭੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਗੰਦਗੀ ਮੁਕਤ ਰੱਖਣ ਲਈ ਵੀ ਸਫਾਈ ਸੇਵਕ ਸਵੇਰੇ ਸ਼ਾਮ ਸਾਫ-ਸਫਾਈ ਕਰ ਰਹੇ ਹਨ ਤਾਂ ਜੋ ਗੰਦਗੀ ਕਰਕੇ ਮੱਛਰ ਨਾ ਪੈਦਾ ਹੋਣ *ਤੇ ਬਿਮਾਰੀਆਂ ਤੋਂ ਵੀ ਸ਼ਹਿਰ ਵਾਸੀਆਂ ਨੁੰ ਬਚਾਇਆ ਜਾ ਸਕੇ।
ਇਸ ਦੌਰਾਨ ਡਾ. ਅਰਪਿਤਾ ਗੁਪਤਾ, ਡਾ. ਅੰਕੁਸ਼, ਡਾ. ਸੁਨੀਤਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਨੋਦ ਖੁਰਾਣਾ, ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ, ਬੀ.ਈ.ਈ. ਸੁਸ਼ੀਲ, ਅਤਿੰਦਰ ਕੁਮਾਰ ਆਦਿ ਹਾਜਰ ਸਨ।

WhatsApp Image 2025-10-24 at 12.21.37 PM.jpeg

Leave a Reply

Your email address will not be published. Required fields are marked *