ਜਨਗਣਨਾ 2027 ਦੇ ਪਹਿਲੇ ਪੜਾਅ (ਘਰਾਂ ਦੇ ਸੂਚੀਕਰਨ) ਬਾਰੇ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਲਈ ਅੱਜ ਹੋਟਲ ਮਾਊਂਟ ਵਿਊ, ਚੰਡੀਗੜ੍ਹ ਵਿਖੇ ਇੱਕ ਰੋਜ਼ਾ ਰਾਜ ਪੱਧਰੀ ਕਾਨਫਰੰਸ ਕਰਵਾਈ ਗਈ।
ਇਹ ਕਾਨਫਰੰਸ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਅਤੇ ਡਾਇਰੈਕਟੋਰੇਟ ਜਨਗਣਨਾ ਸੰਚਾਲਨ, ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਮੁੱਖ ਸਕੱਤਰ ਪੰਜਾਬ ਸ੍ਰੀ ਕੇ.ਏ.ਪੀ. ਸਿਨਹਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ।
ਇਸ ਕਾਨਫਰੰਸ ਦਾ ਉਦੇਸ਼ ਪੰਜਾਬ ਵਿੱਚ 15 ਮਈ, 2026 ਤੋਂ 13 ਜੂਨ, 2026 ਤੱਕ ਕਰਵਾਈ ਜਾਣ ਵਾਲੇ ਜਨਗਣਨਾ 2027 ਦੇ ਪਹਿਲੇ ਪੜਾਅ ਅਧੀਨ ਘਰਾਂ ਦੇ ਸੂਚੀਕਰਨ ਅਤੇ ਮਕਾਨ ਜਨਗਣਨਾ ਲਈ ਖੇਤਰ ਪੱਧਰੀ ਪ੍ਰਸ਼ਾਸਕੀ ਮੁਖੀਆਂ ਨੂੰ ਪ੍ਰਕਿਰਿਆ ਤੋਂ ਜਾਣੂ ਕਰਵਾਉਣਾ ਸੀ। ਇਸ ਕਾਰਜ ਦੌਰਾਨ ਘਰਾਂ ਦੇ ਸੂਚੀਕਰਨ ਦੇ ਸਵੈ-ਗਣਨਾ ਦਾ ਬਦਲ ਵੀ ਦਿੱਤਾ ਜਾਵੇਗਾ ਜੋ ਕਿ 30 ਅਪ੍ਰੈਲ, 2026 ਤੋਂ 14 ਮਈ, 2026 ਤੱਕ ਜਨਤਾ ਲਈ ਉਪਲਬਧ ਹੋਵੇਗਾ। ਜਨਗਣਨਾ 2027 ਦਾ ਦੂਜਾ ਪੜਾਅ ਫਰਵਰੀ 2027 ਵਿੱਚ ਸ਼ੁਰੂ ਕੀਤਾ ਜਾਵੇਗਾ।
ਆਪਣੇ ਉਦਘਾਟਨੀ ਸੰਬੋਧਨ ਵਿੱਚ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਜਨਗਣਨਾ ਦੇ ਕੌਮੀ ਮਹੱਤਵ ‘ਤੇ ਚਾਨਣਾ ਪਾਇਆ ਜਿਸ ਵਿੱਚ ਸਬੂਤ ਅਧਾਰਤ ਪ੍ਰਸ਼ਾਸਨ, ਭਲਾਈ ਯੋਜਨਾਵਾਂ ਅਤੇ ਸਰੋਤਾਂ ਦੀ ਸਮਾਨ ਵੰਡ ‘ਤੇ ਜ਼ੋਰ ਦਿੱਤਾ ਗਿਆ। ਪਾਰਦਰਸ਼ਤਾ, ਅੰਕੜਿਆਂ ਦੀ ਸਟੀਕਤਾ ਅਤੇ ਸਮਾਂ-ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਸੁਚੱਜੀ ਯੋਜਨਾਬੰਦੀ ਅਤੇ ਨਿਰਵਿਘਨ ਅੰਤਰ-ਵਿਭਾਗੀ ਤਾਲਮੇਲ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਨਗਣਨਾ 2027 ਦੌਰਾਨ ਸਟੀਕਤਾ, ਡਿਜੀਟਲ ਪ੍ਰਕਿਰਿਆ ਅਤੇ ਪ੍ਰਸ਼ਾਸਕੀ ਅਨੁਸ਼ਾਸਨ ਸਬੰਧੀ ਨਵੇਂ ਮਾਪਦੰਡ ਸਥਾਪਤ ਕੀਤੇ ਜਾਣਗੇ।

ਇਸ ਮੌਕੇ ਮੁੱਖ ਸਕੱਤਰ ਨੇ ਜਨਗਣਨਾ 2027 ਦਾ ਪੰਜਾਬੀ ਲੋਗੋ ਦਾ ਵੀ ਜਾਰੀ ਕੀਤਾ। ਉਨ੍ਹਾਂ ਨੇ ਜਨਗਣਨਾ ਦੇ ਉਦੇਸ਼ਾਂ ਲਈ ਅੱਪਡੇਟ ਕੀਤੇ ਮਾਲੀਆ ਨਕਸ਼ੇ (ਜ਼ਿਲ੍ਹੇ ਅਤੇ ਤਹਿਸੀਲਾਂ) ਅਤੇ ਸ਼ਹਿਰੀ ਸਥਾਨਕ ਇਕਾਈਆਂ ਦੇ ਨਕਸੇ ਵੀ ਜਾਰੀ ਕੀਤੇ।
ਇਸ ਦੌਰਾਨ ਡਾਇਰੈਕਟਰ, ਸੈਂਸਜ਼ ਆਪਰੇਸ਼ਨਜ਼, ਪੰਜਾਬ ਡਾ. ਨਵਜੋਤ ਖੋਸਾ ਨੇ ਅਧਿਕਾਰੀਆਂ ਨੂੰ ਜਨਗਣਨਾ 2027 ਲਈ ਰੋਡਮੈਪ ਅਤੇ ਰਣਨੀਤਕ ਢਾਂਚੇ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਜਨਗਣਨਾ ਐਕਟ, 1948 ਅਤੇ ਜਨਗਣਨਾ ਨਿਯਮ, 1990 ਦੇ ਅਧੀਨ ਵਿਧਾਨਕ ਆਦੇਸ਼ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਇਕਸਾਰ ਕੌਮੀ ਮਾਪਦੰਡਾਂ, ਪਰਿਭਾਸ਼ਾਵਾਂ ਅਤੇ ਪ੍ਰਕਿਰਿਆਵਾਂ ਦੀ ਸਖ਼ਤੀ ਨਾਲ ਪਾਲਣਾ ‘ਤੇ ਜ਼ੋਰ ਦਿੱਤਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਹਿਲਾ ਪੜਾਅ ਦੂਜੇ ਪੜਾਅ ਲਈ ਨੀਂਹ ਵਜੋਂ ਕੰਮ ਕਰੇਗਾ ਅਤੇ ਘਰਾਂ ਦੇ ਸੂਚੀਕਰਨ ਸਬੰਧੀ ਕਾਰਜਾਂ ਦੌਰਾਨ ਕਾਇਮ ਰੱਖੀ ਗਈ ਗੁਣਵੱਤਾ ਅਤੇ ਸਟੀਕਤਾ ਇਸ ਜਨਗਣਨਾ ਅਭਿਆਸ ਦੀ ਸਮੁੱਚੀ ਸਫ਼ਲਤਾ ਨੂੰ ਨਿਰਧਾਰਤ ਕਰੇਗੀ।

ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੇ ਵਿਚਾਰ-ਵਟਾਂਦਰੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਜ਼ਿਲ੍ਹਾ ਪੱਧਰੀ ਤਿਆਰੀਆਂ, ਲੌਜਿਸਟਿਕਲ ਪ੍ਰਬੰਧਾਂ, ਸਿਖਲਾਈ ਯੋਜਨਾਵਾਂ, ਪੇਂਡੂ ਅਤੇ ਸ਼ਹਿਰੀ ਕਵਰੇਜ ਰਣਨੀਤੀਆਂ ਅਤੇ ਸਥਾਨਕ ਸੰਸਥਾਵਾਂ ਨਾਲ ਤਾਲਮੇਲ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਸਮੇਂ ਸਿਰ ਸਰੋਤ ਜੁਟਾਉਣ ਨੂੰ ਯਕੀਨੀ ਬਣਾਉਣ, ਕੇਂਦਰੀ ਸਹਾਇਤਾ ਦਾ ਲਾਭ ਉਠਾਉਣ ਅਤੇ ਜ਼ਿਲ੍ਹਿਆਂ ਵਿੱਚ ਲਾਗੂਕਰਨ ਪ੍ਰਕਿਰਿਆ ‘ਚ ਇਕਸਾਰਤਾ ਬਣਾਈ ਰੱਖਣ ‘ਤੇ ਵੀ ਉਸਾਰੂ ਵਿਚਾਰ-ਵਟਾਂਦਰੇ ਕੀਤੇ ਗਏ।
ਇਹ ਕਾਨਫਰੰਸ ਸਥਾਨਕ ਸਰਕਾਰ, ਪੰਜਾਬ ਦੇ ਸਕੱਤਰ ਸ੍ਰੀ ਮਨਜੀਤ ਸਿੰਘ ਬਰਾੜ, ਜੋ ਕਿ ਇਸ ਜਨਗਣਨਾ ਅਭਿਆਸ ਲਈ ਰਾਜ ਨੋਡਲ ਅਫਸਰ ਵੀ ਹਨ, ਦੁਆਰਾ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਈ।

ਨਿਰਧਾਰਤ ਸਮਾਂ-ਸੀਮਾਵਾਂ ਦੇ ਅੰਦਰ ਪਾਰਦਰਸ਼ੀ, ਸਮਾਵੇਸ਼ੀ, ਸਟੀਕ ਅਤੇ ਤਕਨਾਲੋਜੀ-ਅਧਾਰਤ ਜਨਗਣਨਾ ਅਮਲ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਸੂਬੇ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਸਾਰੇ ਅਧਿਕਾਰੀਆਂ ਨੇ ਜਨਗਣਨਾ 2027 ਦੇ ਸਫ਼ਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪੇਸ਼ੇਵਰ ਇਮਾਨਦਾਰੀ, ਕਾਨੂੰਨੀ ਪਾਲਣਾ ਅਤੇ ਪ੍ਰਸ਼ਾਸਕੀ ਕੁਸ਼ਲਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲਿਆ।
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸਕੱਤਰ, ਸਥਾਨਕ ਸਰਕਾਰ, ਪੰਜਾਬ ਸ੍ਰੀ ਮਨਜੀਤ ਸਿੰਘ ਬਰਾੜ, ਡਾਇਰੈਕਟਰ, ਸੈਂਸਜ਼ ਆਪਰੇਸ਼ਨਜ਼, ਪੰਜਾਬ, ਡਾ. ਨਵਜੋਤ ਖੋਸਾ, ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ ਸ੍ਰੀ ਕੁਲਵੰਤ ਸਿੰਘ, ਡਵੀਜ਼ਨਲ ਕਮਿਸ਼ਨਰ; ਸੂਬੇ ਭਰ ਦੇ ਸਾਰੇ ਡਿਪਟੀ ਕਮਿਸ਼ਨਰ; ਅਤੇ ਨਗਰ ਨਿਗਮ ਕਮਿਸ਼ਨਰ ਸ਼ਾਮਲ ਸਨ।
