ਫ਼ਤਹਿਗੜ੍ਹ ਸਾਹਿਬ, 26 ਦਸੰਬਰ :
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਜੁੜੀ ਸਾਲਾਨਾ ਸ਼ਹੀਦੀ ਸਭਾ-2025 ਦੀ ਦੂਸਰੀ ਸ਼ਾਮ ਵੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਆਰਟ ਥੀਏਟਰ ਦੇ ਸਹਿਯੋਗ ਨਾਲ ਇੱਥੇ ਆਮ ਖਾਸ ਬਾਗ ਵਿਖੇ ਸਾਈਟ ਐਂਡ ਸਾਊਂਡ ਪੈਨੋਰਮਾ ‘ਸਰਬੰਸਦਾਨੀ’ ਦੀ ਵਿਲੱਖਣ ਪੇਸ਼ਕਾਰੀ ਕੀਤੀ ਗਈ।

ਸਵਰਗੀ ਡਾ. ਹਰਚਰਨ ਸਿੰਘ ਲਾਟਾ ਤੇ ਅਸ਼ਵਨੀ ਸਾਵਨ ਦੇ ਲਿਖੇ ਇਸ ਪੈਨੋਰਮਾ ‘ਸਰਬੰਸਦਾਨੀ’ ਨੂੰ ਪ੍ਰਸਿੱਧ ਨਿਰਦੇਸ਼ਕ ਤੇ ਨਿਰਮਾਤਾ ਸ. ਹਰਬਖ਼ਸ਼ ਸਿੰਘ ਲਾਟਾ ਦੀ ਨਿਰਦੇਸ਼ਨਾਂ ਹੇਠ ਮੰਚਿਤ ਕੀਤਾ ਗਿਆ।
ਜੈਕਾਰਿਆਂ ਦੀ ਗੂੰਜ ‘ਚ ਇਸ ਮਹਾਂਨਾਟਕ ਰਾਹੀਂ ਸਿੱਖ ਇਤਿਹਾਸ ਦੇ ਅਹਿਮ ਪਹਿਲੂਆਂ ਨੂੰ ਦਿਖਾਉਣ ਦੀ ਸ਼ਲਾਘਾ ਕਰਦਿਆਂ ਸੰਗਤ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।

ਇਹ ਪੈਨੋਰਮਾ ਦੇਖਣ ਉਪਰੰਤ ਕਲਾਕਾਰਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੰਗਤ ਨੂੰ ਗੁਰੂ ਇਤਿਹਾਸ ਦੇ ਰੂਬਰੂ ਕਰਵਾਉਣ ਲਈ ਇਹ ਅਹਿਮ ਉਪਰਾਲਾ ਕੀਤਾ ਹੈ।

ਇਸ ਮੌਕੇ ਵਿਧਾਇਕ ਬਸੀ ਪਠਾਣਾ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਜਿਹੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਤੇ ਅਜਿਹੇ ਨਾਟਕਾਂ ਰਾਹੀਂ ਮਹਾਨ ਸ਼ਹੀਦਾਂ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਉਣਾ ਸ਼ਲਾਘਾਯੋਗ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਅਜਿਹੇ ਇਤਿਹਾਸਕ ਨਾਟਕ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ਤੇ ਇਨ੍ਹਾਂ ਨਾਟਕਾਂ ਨਾਲ ਜਿਥੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ, ਉਥੇ ਹੀ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਨਤਮਸਤਕ ਹੋਣ ਦਾ ਮੌਕਾ ਵੀ ਮਿਲਦਾ ਹੈ।

ਇਸ ਸਾਈਟ ਐਂਡ ਸਾਊਂਡ ਸ਼ੋਅ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਵਿਖੇ ਸ਼ਹਾਦਤ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਜੀਵਨ ਦੇ ਬਿਰਤਾਂਤ, 1699 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ, ਪਰਿਵਾਰ ਵਿਛੋੜਾ, ਚਮਕੌਰ ਦੀ ਗੜ੍ਹੀ ਦੀ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੀ ਸ਼ਹਾਦਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਹਿ ਕਰਨ ਦੇ ਇਤਿਹਾਸ ਨੂੰ ਲਾਈਟ, ਆਵਾਜ਼, ਰੋਸ਼ਨੀ ਸਮੇਤ ਤੇ 28 ਦੇ ਕਰੀਬ ਪ੍ਰਸਿੱਧ ਕਲਾਕਾਰਾਂ ਵੱਲੋਂ ਦਿਲਕਸ਼ ਤੇ ਖੂਬਸੂਰਤੀ ਨਾਲ ਸੰਗਤ ਸਾਹਮਣੇ ਰੂਪਮਾਨ ਕੀਤਾ ਗਿਆ ਹੈ।

ਆਮ ਖਾਸ ਬਾਗ ਵਿਖੇ ਪੇਸ਼ ਕੀਤੇ ਗਏ ਇਸ ਨਾਟਕ ਦੌਰਾਨ ਹੱਡ ਚੀਰਵੀਂ ਠੰਢ ਦੇ ਬਾਵਜੂਦ ਦੂਰੋਂ-ਦੂਰੋਂ ਪੁੱਜੇ ਸ਼ਰਧਾਲੂਆਂ ਤੋਂ ਇਲਾਵਾ ਏ.ਡੀ.ਸੀ. ਪੂਜਾ ਸਿਆਲ ਗਰੇਵਾਲ, ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ, ਉਪ ਮੰਡਲ ਮੈਜਿਸਟਰੇਟ ਚੇਤਨ ਬੰਗੜ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਮਰਿੰਦਰ ਸਿੰਘ ਮੰਡੋਫਲ ਤੇ ਕੁਲਵਿੰਦਰ ਸਿੰਘ ਡੇਰਾ, ਮੈਂਬਰ ਬਲਾਕ ਸੰਮਤੀ ਮਨਦੀਪ ਸਿੰਘ ਪੋਲਾ, ਗੁਰਬੀਰ ਸਿੰਘ ਜੱਲ੍ਹਾ, ਪ੍ਰਿਤਪਾਲ ਸਿੰਘ ਜੱਸੀ, ਕਸ਼ਮੀਰ ਸਿੰਘ ਰਸੂਲਪੁਰ, ਸਿਵਲ ਪ੍ਰਸ਼ਾਸਨ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਹੋਰ ਸ਼ਖ਼ਸੀਅਤਾਂ ਨੇ ਵੀ ਇਸ ਮਹਾਂ ਨਾਟਕ ਨੂੰ ਭਾਵੁਕਤਾ ਨਾਲ ਦੇਖਿਆ।
