ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਪੰਜਾਬ ਦੀ ਕੇਂਦਰ ਨੂੰ ਬਿਨ ਮੰਗੇ ਕਰਨੀ ਚਾਹੀਦੀ ਹੈ ਮਦਦ – ਬਰਿੰਦਰ ਕੁਮਾਰ ਗੋਇਲ

ਫਾਜ਼ਿਲਕਾ 28 ਅਗਸਤ
 ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਆਖਿਆ ਹੈ ਕਿ ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਪੰਜਾਬ ਵਿੱਚ ਆਏ ਹੜਾਂ ਦੀ ਸਥਿਤੀ ਦੇ ਮੱਦੇ ਨਜ਼ਰ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਬਿਨਾਂ ਮੰਗੇ ਪੰਜਾਬ ਨੂੰ ਰਾਹਤ ਪੈਕਜ ਦੇਵੇ ।
ਅੱਜ ਇੱਥੇ ਕਾਵਾਂ ਵਾਲੀ ਪੱਤਣ ਤੇ ਹੜ ਰਾਹਤ ਕਾਰਜਾਂ ਦੀ ਸਮੀਖਿਆ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਜਦੋਂ ਪੰਜਾਬ ਤੋਂ ਪਾਣੀ ਖੋਹਣਾ ਸੀ ਤਾਂ ਕੇਂਦਰ ਸਰਕਾਰ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਪੰਜਾਬ ਦਾ ਪਾਣੀ ਲੁੱਟਣ ਤੇ ਉਤਾਰੂ ਸੀ ਪਰ ਹੁਣ ਜਦ ਪੰਜਾਬ ਨੂੰ ਮਦਦ ਦੀ ਲੋੜ ਹੈ ਤਾਂ ਕੋਈ ਵੀ ਅੱਗੇ ਨਹੀਂ ਆ ਰਿਹਾ ।ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦਾ ਪਾਣੀ ਵਰਤਦੇ ਹਨ ਉਹਨਾਂ ਨੂੰ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਸੀ ।
ਕੈਬਨਿਟ ਮੰਤਰੀ ਨੇ ਆਖਿਆ ਕਿ ਪਹਾੜਾਂ ਅਤੇ ਪੰਜਾਬ ਵਿੱਚ ਪਈ ਬਾਰਿਸ਼ ਕਾਰਨ ਇਸ ਵਾਰ ਹੜਾਂ ਦੀ ਸਥਿਤੀ ਗੰਭੀਰ ਹੋ ਗਈ ਹੈ ਪਰ ਫਿਰ ਵੀ ਪੰਜਾਬ ਸਰਕਾਰ ਲੋਕਾਂ ਨੂੰ ਫੌਰੀ ਤੌਰ ਤੇ ਹਰ ਸੰਭਵ ਮਦਦ ਮੁਹਈਆ ਕਰਵਾ ਰਹੀ ਹੈ ਅਤੇ ਸਾਰੇ ਵਿਭਾਗਾਂ ਦੀਆਂ ਟੀਮਾਂ ਫੀਲਡ ਵਿੱਚ ਹਨ।
 ਉਹਨਾਂ ਨੇ ਕਿਹਾ ਕਿ ਖੁਦ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ, ਸਾਰੇ ਮੰਤਰੀ ਅਤੇ ਵਿਧਾਇਕ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਰਾਹਤ ਕਾਰਜਾਂ ਨੂੰ ਲੋਕਾਂ ਤੱਕ ਪੁੱਜਦਾ ਕਰ ਰਹੇ ਹਨ। ਉਹਨਾਂ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਤਾਂ ਆਪਣਾ ਹੈਲੀਕਾਪਟਰ ਵੀ ਰਾਹਤ ਕਾਰਜਾਂ ਲਈ ਲਗਾ ਦਿੱਤਾ ਹੈ।


 ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਹੀ ਸਪੈਸ਼ਲ ਗਰਦਾਵਰੀ ਦੇ ਹੁਕਮ ਕਰ ਦਿੱਤੇ ਗਏ ਹਨ ਅਤੇ ਹੋਏ ਨੁਕਸਾਨ ਦੀ ਭਰਪਾਈ ਮੁਆਵਜ਼ਾ ਦੇ ਕੇ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਰਾਹਤ ਸੈਂਟਰ ਸਥਾਪਿਤ ਕੀਤੇ ਗਏ ਹਨ ਅਤੇ ਜਿਨਾਂ ਲੋਕਾਂ ਨੂੰ ਪਾਣੀ ਵਾਲੇ ਖੇਤਰਾਂ ਵਿੱਚੋਂ ਕੱਢਿਆ ਜਾ ਰਿਹਾ ਹੈ ਰਾਹਤ ਕੈਂਪਾਂ ਵਿੱਚ ਭੇਜਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਖਾਣ ਪੀਣ ਅਤੇ ਹੋਰ ਰਹਿਣ ਦੀ ਸਾਰੀ ਸੁਵਿਧਾ ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਹੜ ਪ੍ਰਭਾਵਿਤ ਪਿੰਡਾਂ ਵਿੱਚ ਹਰੇ ਚਾਰੇ ਅਤੇ ਤੂੜੀ ਵੀ ਘਾਟ ਦੇ ਮੱਦੇ ਨਜ਼ਰ ਸਮੁੱਚੇ ਪੰਜਾਬੀ ਇਸ ਲਈ ਇੱਕ ਦੂਸਰੇ ਦੀ ਮਦਦ ਲਈ ਅੱਗੇ ਆਏ ਹਨ ।
ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਐਨਡੀਆਰਐਫ ਦੀਆਂ ਟੀਮਾਂ ਤੋਂ ਇਲਾਵਾ ਫੌਜ ਵੀ ਜ਼ਿਲਾ ਪ੍ਰਸ਼ਾਸਨ ਦੀ ਮਦਦ ਕਰ ਰਹੀ ਹੈ ਅਤੇ ਅੱਜ ਵੀ 100 ਤੋਂ ਜਿਆਦਾ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ ਗਿਆ ਹੈ। ਜ਼ਿਲ੍ਹੇ ਵਿੱਚ ਸੱਤ ਰਾਹਤ ਕੈਂਪ ਕੰਮ ਕਰ ਰਹੇ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਡੈਮਾਂ ਤੇ ਪਾਣੀ ਦੀ ਆਵਕ ਵਿੱਚ ਕਮੀ ਆਈ ਹੈ ਜੋ ਕਿ ਇੱਕ ਰਾਹਤ ਦੀ ਖਬਰ ਹੈ।
ਜਿਕਰ ਯੋਗ ਹੈ ਕਿ ਪੰਜ ਦਿਨ ਵਿੱਚ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਇਹ ਫਾਜ਼ਿਲਕਾ ਜ਼ਿਲ੍ਹੇ ਦਾ ਦੂਜਾ ਦੌਰਾ ਹੈ ਅਤੇ ਉਹ ਖੁਦ ਗਰਾਊਂਡ ਲੈਵਲ ਤੇ ਪਹੁੰਚ ਕੇ ਰਾਹਤ ਕਾਰਜਾਂ ਦੀ ਸਮੀਖਿਆ ਕਰ ਰਹੇ ਹਨ ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ,  ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਉਹਨਾਂ ਨੂੰ ਸਥਾਨਕ ਹਾਲਾਤਾਂ ਤੋਂ ਜਾਣੂ ਕਰਵਾਇਆ ਅਤੇ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾਂ ਨੇ ਕੈਬਨਿਟ ਮੰਤਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜੋ ਫਾਜ਼ਿਲਕਾ ਨੂੰ ਹਰ ਸੰਭਵ ਮਦਦ ਮੁਹਈਆ ਕਰਵਾਉਣ ਲਈ ਸਹਿਯੋਗ ਕਰ ਰਹੇ ਹਨ।।
ਇਸ ਮੌਕੇ ਐਸਡੀਐਮ ਵੀਰਪਾਲ ਕੌਰ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ, ਕਾਰਜਕਾਰੀ ਇੰਜੀਨੀਅਰ ਜਲ ਸਰੋਤ ਅਲੋਕ ਚੌਧਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *