ਖੇਤੀਬਾੜੀ ਵਿਭਾਗ ਵੱਲੋਂ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਰੱਖੀ ਜਾ ਰਹੀ ਹੈ ਨਿਗਰਾਨੀ

ਜ਼ਿਲ੍ਹਾ ਫਾਜ਼ਿਲਕਾ ਵਿੱਚ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਫਸਰ ਬਲਦੇਵ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਹਰਵਿੰਦਰਪਾਲ ਅਤੇ ਅਮਨਦੀਪ ਵੱਲੋਂ ਇਲਾਕੇ ਦੀਆਂ ਜਿਨਿੰਗ ਫੈਕਟਰੀਆਂ ਦਾ ਦੌਰਾ ਕੀਤਾ ਗਿਆ ।

ਡਾ. ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਕਪਾਹ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ ਨੂੰ ਰੋਕਣ ਲਈ ਜਿਨਿੰਗ ਫੈਕਟਰੀਆਂ ਵਿੱਚ ਸਫਾਈ ਅਤੇ ਫਿਊਮੀਗੇਸ਼ਨ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਵਿਭਾਗੀ ਟੀਮ ਵੱਲੋਂ ਫੈਕਟਰੀਆਂ ਦਾ ਦੌਰਾ ਕਰਕੇ ਉਥੇ ਰੱਖੀ ਕਪਾਹ, ਵਡੇਵਿਆ ਅਤੇ ਹੋਰ ਸਮੱਗਰੀ ਦੀ ਜਾਂਚ ਕੀਤੀ ਗਈ। ਫੈਕਟਰੀਆਂ ਵਿੱਚ ਲੱਗੇ ਫੇਰੋਮਨ ਟਰੈਪ ਚੈੱਕ ਕੀਤੇ ਤੇ ਗਏ ਜਿਸ ਵਿੱਚ ਕੋਈ ਵੀ  ਗੁਲਾਬੀ ਸੁੰਡੀ ਦਾ ਪਤੰਗਾ ਨਹੀਂ ਪਾਇਆ ਗਿਆ।ਉਨ੍ਹਾਂ ਨੇ ਫੈਕਟਰੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਗੁਲਾਬੀ ਸੁੰਡੀ ਦੇ ਸੰਭਾਵਿਤ ਫੈਲਾਅ ਨੂੰ ਰੋਕਣ ਲਈ ਸਟੋਰ ਕੀਤੀ ਕਪਾਹ ਅਤੇ ਵਡੇਵਿਆ ‘ਤੇ ਫਿਊਮੀਗੇਸ਼ਨ ਕਰਵਾਈ ਜਾਵੇ ਅਤੇ ਫੈਕਟਰੀ ਵਿੱਚ ਪੂਰੀ ਸਫਾਈ ਬਣਾਈ ਰੱਖੀ ਜਾਵੇ।


ਉਨ੍ਹਾਂ ਕਿਹਾ ਕਿ ਜਿਨਿੰਗ ਫੈਕਟਰੀਆਂ ਵਿੱਚ ਪਏ ਕਪਾਹ ਦੇ ਵਡੇਵਿਆ ਵਿੱਚ ਗੁਲਾਬੀ ਸੁੰਡੀ ਦਾ ਲਾਰਵਾ ਹੁੰਦਾ ਹੈ, ਜਿਸ ਵਿੱਚੋ ਗੁਲਾਬੀ ਸੁੰਡੀ ਦਾ ਪਤੰਗਾ ਨਿਕਲਦਾ ਹੈ ਤੇ ਫੈਲਾਅ ਦਾ ਵੱਡਾ ਕਾਰਨ ਬਣਦਾ ਹੈ , ਇਸ ਲਈ ਇਨ੍ਹਾਂ ਨੂੰ ਨਿਯਮਾਂ ਅਨੁਸਾਰ ਨਸ਼ਟ ਕਰਨਾ ਲਾਜ਼ਮੀ ਹੈ। ਖੇਤੀਬਾੜੀ ਅਧਿਕਾਰੀਆਂ ਨੇ ਫੈਕਟਰੀ ਮਾਲਕਾਂ ਨੂੰ ਇਹ ਵੀ ਕਿਹਾ ਕਿ ਉਹ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਆਉਣ ਵਾਲੇ ਸੀਜ਼ਨ ਵਿੱਚ ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਇਆ ਜਾ ਸਕੇ।
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਅਤੇ ਜਿਨਿੰਗ ਫੈਕਟਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਨਾਲ ਪੂਰਾ ਸਹਿਯੋਗ ਕਰਨ ਅਤੇ ਕਪਾਹ ਦੀ ਫਸਲ ਦੀ ਸੁਰੱਖਿਆ ਲਈ ਲੋੜੀਂਦੇ ਉਪਾਅ ਅਪਣਾਉਣ।

Leave a Reply

Your email address will not be published. Required fields are marked *