ਡਿਪਟੀ ਕਮਿਸ਼ਨਰ ਡਾ. ਸੋੋਨਾ ਥਿੰਦ ਦੀਆਂ ਹਦਾਇਤਾਂ ‘ਤੇ ਅੱਜ ਸ਼ਾਮ ਐਸ.ਡੀ.ਐਮ ਹਰਵੀਰ ਕੌਰ ਨੇ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਝੋਨੇ ਦੀ ਖਰੀਦ ਲਈ ਕੀਤੇ ਸਰਕਾਰੀ ਇੰਤਜਾਮਾਂ ਦਾ ਨਿਰੀਖਣ ਕੀਤਾ। ਉਪ ਮੰਡਲ ਮੈਜਿਸਟਰੇਟ ਹਰਵੀਰ ਕੌਰ ਨੇ ਮੌਕੇ ‘ਤੇ ਮੌਜੂਦ ਮਾਰਕੀਟ ਕਮੇਟੀ ਸਕੱਤਰਾਂ, ਫੂਡ ਇੰਸਪੈਕਟਰਾਂ ਨਾਲ ਗੱਲਬਾਤ ਕੀਤੀ ਅਤੇ ਝੋਨੇ ਦੀ ਖਰੀਦ ਲਈ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਸਾਫ਼ ਸਫਾਈ ਪ੍ਰਬੰਧਾਂ ਨੂੰ ਨਿਯਮਤ ਯਕੀਨੀ ਬਣਾਉਣ, ਪੀਣ ਲਈ ਸਾਫ਼ ਪਾਣੀ ਦੀ ਉਪਲਬਧਤਾ, ਪਖਾਨਿਆਂ ਦੀ ਸਫਾਈ ਸਮੇਤ ਹੋਰ ਪ੍ਰਬੰਧਾਂ ਬਾਰੇ ਵੀ ਦਿਸ਼ਾ ਨਿਰਦੇਸ਼ ਦਿੱਤੇ।
ਉਪ ਮੰਡਲ ਮੈਜਿਸਟਰੇਟ ਨੇ ਮੌਕੇ ਉੱਤੇ ਹਾਜ਼ਰ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਅਨਾਜ ਮੰਡੀਆਂ ਵਿੱਚ ਆਪਣੀ ਜਿਣਸ ਦੀ ਵਿਕਰੀ ਕਰਨ ਲਈ ਆਉਣ ਵਾਲੇ ਕਿਸਾਨਾਂ ਨੂੰ ਕੇਵਲ ਸੁੱਕੀ ਫਸਲ ਲਿਆਉਣ ਬਾਰੇ ਹੀ ਲਗਾਤਾਰ ਪ੍ਰੇਰਿਤ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ਼ਾਮ 6 ਵਜੇ ਤੋਂ ਅਗਲੀ ਸਵੇਰ 10 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਵਾਢੀ ਕਰਨ ‘ਤੇ ਰੋਕ ਲਗਾਈ ਹੋਈ ਹੈ ਅਤੇ ਜੇਕਰ ਸਬ ਡਵੀਜ਼ਨ ਬਸੀ ਪਠਾਣਾ ਅੰਦਰ ਕੋਈ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਕੰਬਾਇਨ ਨੂੰ ਜਬਤ ਕਰਨ ਦੇ ਨਾਲ ਨਾਲ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।

ਐਸ.ਡੀ.ਐਮ ਹਰਵੀਰ ਕੌਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਨਾਜ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਜਿਣਸ ਦੀ ਨਾਲੋ ਨਾਲ ਖਰੀਦ ਕੀਤੀ ਜਾ ਸਕੇ ਅਤੇ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਨਾ ਲੱਗਣ।ਉਨ੍ਹਾਂ ਨੇ ਮਾਰਕੀਟ ਕਮੇਟੀ ਤੇ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਨਾਜ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ ਤੇ ਸਮੁੱਚੇ ਖਰੀਦ ਸੀਜ਼ਨ ਦੌਰਾਨ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਏ ਜਾਣ।