ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਸਿਹਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ

ਫਤਹਿਗੜ੍ਹ ਸਾਹਿਬ, 09 ਦਸੰਬਰ :

ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਾਸਿਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ
ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਸਿਹਤ ਵਿਭਾਗ ਦੇ ਵੱਖ-ਵੱਖ ਮੁੱਦਿਆਂ ਅਤੇ ਪ੍ਰਾਪਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਸ਼ਾ ਪੀੜਿਤ ਵਿਅਕਤੀਆਂ ਦੀ ਨਸ਼ਾ ਛੱਡਣ ਵਿੱਚ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਵਿੱਚ ਦਾਖਲ ਵਿਅਕਤੀਆਂ ਨੂੰ ਕਰਵਾਏ ਜਾ ਰਹੇ ਕਿੱਤਾ ਮੁਖੀ ਕੋਰਸਾਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾਵੇ ਤਾਂ ਕਿ ਜੀਵਨ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਕੇ ਉਹ ਸਵੈ ਰੁਜ਼ਗਾਰ ਦੇ ਸਮਰੱਥ ਬਣ ਸਕਣ ।

ਉਹਨਾਂ ਕੇਂਦਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਲੋਕ ਪੱਖੀ ਸਿਹਤ ਪ੍ਰੋਗਰਾਮਾਂ ਬਾਰੇ ਜਾਣਕਾਰੀ ਲੈਂਦੇ ਹੋਏ ਸਿਵਲ ਸਰਜਨ ਡਾ ਅਰਵਿੰਦ ਪਾਲ ਸਿੰਘ ਨੂੰ ਹਦਾਇਤ ਕੀਤੀ ਕਿ “ਹਰ ਸ਼ੁਕਰਵਾਰ-ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਲਾਰਵਾ ਮਿਲਣ ਵਾਲੇ ਘਰਾਂ ਦੇ ਚਲਾਨ ਕੀਤੇ ਜਾਣ ਅਤੇ ਪਿੰਡਾਂ ਸ਼ਹਿਰਾਂ ਵਿੱਚ ਇਸਦੀ ਅਗੇਤੀ ਮੁਨਿਆਦੀ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ 15 ਤੋਂ 22 ਦਸੰਬਰ ਤੱਕ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਟੀਕਾਕਰਨ ਲਈ ਸਪੈਸ਼ਲ ਕੈਂਪ ਲਗਾਇਆ ਜਾਵੇ ਅਤੇ ਵਿਭਾਗ ਵੱਲੋਂ ਨਿਰਧਾਰਤ ਟੀਚੇ ਸਮੇਂ ਸਿਰ ਪੂਰੇ ਕੀਤੇ ਜਾਣ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਲੋਕਾਂ ਨੂੰ ਖਾਣ ਪੀਣ ਦੀਆਂ ਸ਼ੁੱਧ ਤੇ ਮਿਆਰੀ ਵਸਤਾਂ ਉਪਲਬਧ ਕਰਾਉਣ ਲਈ ਹਲਵਾਈ ਦੀਆਂ ਦੁਕਾਨਾਂ , ਡੇਅਰੀਆਂ , ਢਾਬਿਆਂ, ਰੈਸਟੋਰੈਂਟਾਂ ,ਮੈਰਿਜ ਪੈਲਸਾਂ ਆਦਿ ‘ਤੇ ਫੂਡ ਸੈਂਪਲਿੰਗ ਵਿੱਚ ਵਾਧਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅਕਸਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਕਈ ਵਾਰ ਸਿਹਤ ਅਧਿਕਾਰੀ ਕੇਵਲ ਫੈਸਟੀਵਲ ਸੀਜ਼ਨ ਦੌਰਾਨ ਹੀ ਸੈਂਪਲਿੰਗ ਕਰਦੇ ਹਨ ਜਦਕਿ ਲੋਕਾਂ ਦੀ ਸਿਹਤ ਸੁਰੱਖਿਆ ਲਈ ਨਿਯਮਤ ਤੌਰ ‘ਤੇ ਖਾਣ ਪੀਣ ਦੀਆਂ ਵਸਤਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾਣ ਅਤੇ ਜੇਕਰ ਕੋਈ ਸੈਂਪਲ ਫੇਲ੍ਹ ਪਾਇਆ ਜਾਂਦਾ ਹੈ ਤਾਂ ਸਬੰਧਿਤ ਦੁਕਾਨਦਾਰਾਂ ਖਿਲਾਫ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

ਉਹਨਾਂ ਕਿਹਾ ਕਿ ਮੈਡੀਕਲ ਸਟੋਰਾਂ ‘ਤੇ ਅਚਨਚੇਤ ਜਾਂਚ ਕਰਕੇ ਸਰਕਾਰ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਸਬੰਧੀ ਸਮੇਂ ਸਮੇਂ ਤੇ ਜਾਂਚ ਪੜਤਾਲ ਕੀਤੀ ਜਾਵੇ ।

ਏਡੀਸੀ ਨੇ ਵੱਖ-ਵੱਖ ਹੋਰ ਪ੍ਰੋਗਰਾਮਾਂ ਜਿਵੇਂ ਸਰਕਾਰੀ ਸੰਸਥਾਵਾਂ ਵਿੱਚ ਜਣੇਪਾ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ, ਹੋਮ ਡਿਲੀਵਰੀ, ਮੈਟਰਨਲ ਡੈਥ ਰਿਵਿਊ, ਨੈਸ਼ਨਲ ਪ੍ਰੋਗਰਾਮ ਫਾਰ ਨਾਨ ਕਮਿਊਨੀਕੇਬਲ ਡਿਜੀਜ, ਪੀਸੀ ਪੀਐਨਡੀਟੀ, ਆਰਬੀਐਸਕੇ ਪ੍ਰੋਗਰਾਮ, ਡਰੱਗ ਡੀ ਅਡਿਕਸ਼ਨ, ਬਲਾਇੰਡਨੈਸ ਪ੍ਰੋਗਰਾਮ, ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਟੀਬੀ ਕੰਟਰੋਲ ਪ੍ਰੋਗਰਾਮ, ਵੈਕਟਰ ਬੋਰਨ ਤੇ ਵਾਟਰ ਡਿਜੀਜ ਕੰਟਰੋਲ ਪ੍ਰੋਗਰਾਮ ਆਦਿ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਦੀ ਵੀ ਸਮੀਖਿਆ ਕੀਤੀ।

ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ, ਡੀਐਮਸੀ ਡਾ ਸਰਿਤਾ , ਡੀਡੀਐਚਓ ਡਾ ਪਾਰੁਲ ਗੁਪਤਾ, ਜਿਲਾ ਐਪੀਡਿਮਾਲੋਜਿਸਟ ਡਾ ਪ੍ਰਭਜੋਤ ਕੌਰ , ਡੀਪੀਐਮ ਡਾ ਕਸੀਤਿਜ ਸੀਮਾ , ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ ਤੋਂ ਇਲਾਵਾ ਜ਼ਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

Leave a Reply

Your email address will not be published. Required fields are marked *