ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਜੀਰੋ ਟਾਲਰੈਂਸ ਨੀਤੀ ਅਪਣਾਉਂਦਿਆਂ ਕੀਤੀ ਜਾਵੇਗੀ ਸਖਤ ਕਾਰਵਾਈ-ਸ਼ੁਭਮ ਅਗਰਵਾਲ

*ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਤਹਿਤ ਚਲਾਏ ਸਰਚ ਅਭਿਆਨ ਦੌਰਾਨ ਪੁਲਿਸ ਨੇ 9 ਪਰਚੇ ਕੀਤੇ ਦਰਜ਼ ਤੇ 10 ਕਥਿਤ ਦੋਸ਼ੀ ਕਾਬੂ,
*08 ਡੱਬੇ ਦੇਸ਼ੀ ਸ਼ਰਾਬ, 3 ਲੀਟਰ ਲਾਹਨ, 310 ਨਸ਼ੀਲੀਆਂ ਗੋਲੀਆਂ, 1.5 ਗਰਾਮ ਹੈਰੋਇਨ, 20 ਨਸ਼ੀਲੇ ਟੀਕੇ ਅਤੇ 500 ਗਰਾਮ ਗਾਂਜ਼ਾ ਬਰਾਮਦ
*ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਅਭਿਆਨ ਤਹਿਤ ਤਰਖਾਣ ਮਾਜਰਾ ਤੇ ਮੰਡੀ ਗੋਬਿੰਦਗੜ੍ਹ ਦੀ ਢੇਹਾ ਬਸਤੀ ਸਮੇਤ ਵੱਖ-ਵੱਖ ਥਾਵਾਂ ਤੇ ਸਰਚ ਅਭਿਆਨ ਚਲਾਇਆ
ਫ਼ਤਹਿਗੜ੍ਹ ਸਾਹਿਬ, 01 ਮਾਰਚ:
ਨਸ਼ਿਆਂ ਦਾ ਖਾਤਮਾ ਕਰਨ ਲਈ ਪੁਲਿਸ ਵੱਲੋਂ ਜੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਅਭਿਆਨ ਤਹਿਤ ਅੱਜ ਚਲਾਈ ਗਈ ਤਲਾਸੀ ਮੁਹਿੰਮ ਦੌਰਾਨ ਪਿੰਡ ਤਰਖਾਣ ਮਾਜਰਾ ਤੇ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੌਨੀ ਸਮੇਤ ਵੱਖ-ਵੱਖ ਥਾਵਾਂ ਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸੀ ਲੈਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਅੱਜ ਇੱਕ ਗੰਭੀਰ ਸਮੱਸਿਆ ਬਣ ਚੁੱਕੇ ਹਨ ਅਤੇ ਨਸ਼ਿਆਂ ਦਾ ਖਾਤਮਾ ਕਰਨ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ।


ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਪਸ਼ੱਟ ਚਿਤਾਵਨੀ ਦਿੰਦਿਆਂ ਕਿਹਾ ਕਿ ਅਜੇ ਵੀ ਵਕਤ ਹੈ ਕਿ ਉਹ ਨਸ਼ਿਆਂ ਦਾ ਕਾਰੋਬਾਰ ਛੱਡ ਕੇ ਸਹੀ ਰਾਹ ‘ਤੇ ਆ ਜਾਣ ਨਹੀਂ ਤਾਂ ਪੁਲਿਸ ਨਸ਼ਿਆਂ ਦਾ ਖਾਤਮਾ ਕਰਨ ਵਾਸਤੇ ਪੂਰੀ ਸਖਤੀ ਨਾਲ ਕਦਮ ਉਠਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਕਈ ਵਿਅਕਤੀਆਂ ਦੀਆਂ ਜਾਇਦਾਦਾਂ ਵੀ ਅਟੈਚ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਤਲਾਸ਼ੀ ਅਭਿਆਨ ਅਧੀਨ ਪੁਲਿਸ ਵੱਲੋਂ 09 ਪਰਚੇ ਦਰ਼ਜ਼ ਕੀਤੇ ਗਏ ਹਨ ਅਤੇ 10 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਲਾਸੀ ਲੈਣ ਦੌਰਾਨ ਦੇਸ਼ੀ ਸ਼ਰਾਬ ਦੇ 08 ਡੱਬੇ, 3 ਲੀਟਰ ਲਾਹਨ, 310 ਨਸ਼ੀਲੀਆਂ ਗੋਲੀਆਂ, 1.5 ਗਰਾਮ ਹੈਰੋਇਨ, 20 ਨਸ਼ੀਲੇ ਟੀਕੇ ਅਤੇ 500 ਗਰਾਮ ਗਾਂਜ਼ਾ ਬਰਾਮਦ ਕੀਤਾ ਗਿਆ ਹੈ।


ਸ਼੍ਰੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਪੁਲਿਸ ਨੇ ਫੈਸਲਾ ਕੀਤਾ ਹੈ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ੇ ਦਾ ਆਦੀ ਵਿਅਕਤੀ ਨਸ਼ੇ ਛੱਡਣਾ ਚਾਹੁੰਦਾ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਪੁਲਿਸ ਉਸ ਵਿਅਕਤੀ ਦਾ ਨਸ਼ਾ ਛੁਡਵਾ ਕੇ ਉਸ ਦਾ ਕਾਰੋਬਾਰ ਸ਼ੁਰੂ ਕਰਨ ਵਿੱਚ ਵੀ ਮਦਦ ਕਰੇਗੀ।


ਸ਼੍ਰੀ ਸ਼ੁਭਮ ਅਗਰਵਾਲ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਪੰਚਾਇਤਾਂ ਵਿੱਚ ਮਤੇ ਪਾਸ ਕੀਤੇ ਜਾਣ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਨਾਲ ਕਿਸੇ ਤਰਾਂ ਦੀ ਸਾਂਝ ਨਾ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਪੁਲਿਸ ਨੂੰ ਸੂਚਨਾਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਤਲਾਸ਼ੀ ਅਭਿਆਨ ਦੌਰਾਨ ਐਸ.ਪੀ. (ਡੀ) ਰਾਕੇਸ਼ ਯਾਦਵ, ਡੀ.ਐਸ.ਪੀ. ਬਸੀ ਪਠਾਣਾ ਰਾਜ ਕੁਮਾਰ, ਡੀ.ਐਸ.ਪੀ. ਖੁਸ਼ਪ੍ਰੀਤ ਸਿੰਘ, ਡੀ.ਐਸ.ਪੀ. ਨਿਖਿਲ ਗਰਗ, ਡੀ.ਐਸ.ਪੀ. ਗੁਰਦੀਪ ਸਿੰਘ ਤੋਂ ਇਲਾਵਾ 300 ਦੇ ਕਰੀਬ ਪੁਲਿਸ ਮੁਲਾਜ਼ਮ ਹਾਜਰ ਸਨ।

Leave a Reply

Your email address will not be published. Required fields are marked *