ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਕੈਡਿਟਾਂ ਨੇ ਐਨ.ਡੀ.ਏ. ਤੋਂ ਗ੍ਰੈਜੂਏਸ਼ਨ ਕੀਤੀ ਮੁਕੰਮਲ

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਦੇ ਛੇ ਕੈਡਿਟਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਖੜਕਵਾਸਲਾ, ਪੁਣੇ ਤੋਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਹੈ। ਚੀਫ਼ ਆਫ਼ ਨੇਵਲ ਸਟਾਫ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ, ਪੀ.ਵੀ.ਐਸ.ਐਮ. ਏ.ਵੀ.ਐਸ.ਐਮ. ਐਨ.ਐਮ. ਨੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ, ਜੋ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਅਫ਼ਸਰਾਂ ਲਈ ਇੱਕ ਮਾਣਮੱਤਾ ਪਲ ਸੀ।

 ਤਿੰਨ ਸਾਲਾਂ ਦੀ ਸਖ਼ਤ ਸਿਖਲਾਈ ਤੋਂ ਬਾਅਦ ਛੇ ਕੈਡਿਟਾਂ – ਗੁਰਕਰਨ ਸਿੰਘ (ਮੁਹਾਲੀ), ਹਰਮਨਵੀਰ ਸਿੰਘ (ਸ੍ਰੀ ਮੁਕਤਸਰ ਸਾਹਿਬ), ਅਰਜੁਨ ਸਿੰਘ ਤੂਰ (ਲੁਧਿਆਣਾ), ਰਿਦਮ ਮਹਾਜਨ (ਪਠਾਨਕੋਟ), ਅਕਸ਼ਾਂਸ਼ ਅਗਰਵਾਲ (ਸ੍ਰੀ ਫਤਿਹਗੜ੍ਹ ਸਾਹਿਬ) ਅਤੇ ਗੁਰਜੋਤ ਸਿੰਘ (ਸੰਗਰੂਰ) ਹੁਣ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜਾਣਗੇ, ਜਿੱਥੋਂ ਇੱਕ ਸਾਲ ਦੇ ਵਿੱਚ ਉਨ੍ਹਾਂ ਦੇ ਕਮਿਸ਼ਨ ਅਫਸਰ ਬਣਨ ਦਾ ਰਾਹ ਪੱਧਰਾ ਹੋਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਕੈਡਿਟਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਸਿਖਲਾਈ ਪ੍ਰਾਪਤ ਕੀਤੀ ਸੀ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਅਤੇ ਸੂਬੇ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਸ਼ਲਾਘਾਯੋਗ ਨਤੀਜਿਆਂ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਨ੍ਹਾਂ ਨੌਜਵਾਨ ਅਫ਼ਸਰਾਂ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਵਿੱਚ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 15 ਕੈਡਿਟ ਦਸੰਬਰ 2025 ਵਿੱਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਐਨ.ਡੀ.ਏ. ਅਤੇ ਹੋਰ ਸਿਖਲਾਈ ਅਕੈਡਮੀਆਂ ਵਿੱਚ ਸ਼ਾਮਲ ਹੋਣ ਲਈ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ ਅਤੇ 47 ਕੈਡਿਟ ਜਲਦੀ ਆਪਣਾ ਸਰਵਿਸ ਸਿਲੈਕਸ਼ਨ ਬੋਰਡ (ਐਸਐਸਬੀ) ਇੰਟਰਵਿਊ ਦੇਣਗੇ। ਉਨ੍ਹਾਂ ਕਿਹਾ ਕਿ ਕੈਡਿਟਾਂ ਦੀਆਂ ਪ੍ਰਾਪਤੀਆਂ ਸੰਸਥਾ ਅਤੇ ਪੰਜਾਬ ਦਾ ਮਾਣ ਵਧਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿਖੇ ਨਵੇਂ ਕੋਰਸ ਵਿੱਚ ਦਾਖਲੇ ਲਈ 15 ਦਸੰਬਰ, 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *