ਇਸ ਸਾਲ ਦੀ ਸਭ ਤੋਂ ਵੱਡੀ ਤੇ ਚਰਚਿਤ ਵੈਬ-ਸਿਰੀਜ “ਰੌਂਗ ਨੰਬਰ” ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਨਾਮਵਰ ਲੇਖਕ-ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਸ ਵੈਬ-ਸਿਰੀਜ ਵਿੱਚ ਧੀਰਜ ਕੁਮਾਰ,ਜਿੰਮੀ ਸ਼ਰਮਾ, ਸਾਨਵੀ ਧੀਮਾਨ, ਗੁਨਗੁਨ ਬਖਸ਼ੀ ਅਤੇ ਮਨਪ੍ਰੀਤ ਡੋਲੀ ਮੁੱਖ ਭੂਮਿਕਾ ਨਿਭਾ ਰਹੇ ਹਨ। ਜਦਕਿ ਬਾਕੀ ਕਲਾਕਾਰਾਂ ਵਿੱਚ ਅਜੇ ਜੇਠੀ,ਹੈਪੀ ਪ੍ਰਿੰਸ, ਸ਼ਿਲਪਾ ਧਿਰ, ਡਾ ਸਤੀਸ਼ ਕੁਮਾਰ ਸੋਨੀ, ਗੁਰਜੀਤ ਕੌਰ, ਐਮੀ ਕੌਰ, ਕ੍ਰਿਸ਼ਨ ਕੁਮਾਰ ਜੋਸ਼ੀ, ਪ੍ਰਰਾਗ ਅਤੇ ਬਾਲ ਕਲਾਕਾਰ ਸਮਾਇਰਾ ਸਿੰਘ ਦਾ ਨਾਂ ਸ਼ਾਮਲ ਹੈ।

“ਬੰਬਲ ਬੀ ਫਿਲਮਸ” ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਸਪਨ ਮਨਚੰਦਾ ਅਤੇ ਗੁਰਜੀਤ ਕੌਰ ਦੀ ਇਸ ਵੈਬ-ਸਿਰੀਜ ਸਬੰਧੀ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਸਿਰੀਜ ਪਾਕਿਸਤਾਨੀ ਡਰਾਮਿਆਂ ਦੀ ਤਰਜ ‘ਤੇ ਬਣਨ ਵਾਲੀ ਪੰਜਾਬੀ ਦੀ ਪਹਿਲੀ ਵੈਬ-ਸਿਰੀਜ ਹੈ। ਇਸ ਵੈਬ-ਸਿਰੀਜ ਦੇ 10 ਐਪੀਸੋਡ ਹੋਣਗੇ ਜਿਨ੍ਹਾਂ ਨੂੰ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਰਿਲੀਜ ਕੀਤਾ ਜਾਵੇਗਾ।

ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਧੀਰਜ ਕੁਮਾਰ ਨੇ ਦੱਸਿਆ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਪਹਿਲੀ ਵੈਬ-ਸਿਰੀਜ ਹੈ ਜਿਸ ਵਿੱਚ ਉਹ ਜਿਆਦਾਤਰ ਵੀਲ ਚੇਅਰ ‘ਤੇ ਹੈ। ਇਹ ਵੈਬ-ਸਿਰੀਜ ਆਮ ਇਨਸਾਨ ਦੀ ਕਹਾਣੀ ਹੈ ਜੋ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੈ।

ਸਾਨਵੀ ਧੀਮਾਨ ਮੁਤਾਬਕ ਇਹ ਉਸਦੀ ਜ਼ਿੰਦਗੀ ਦਾ ਪਹਿਲਾ ਮੌਕੇ ਹੈ ਜਦੋਂ ਉਸਨੂੰ ਇੱਕ ਵੱਖਰੇ ਕਿਸਮ ਦਾ ਦਮਦਾਰ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ।

ਇਸ ਮੌਕੇ ਸਪਨ ਮਨਚੰਦਾ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਹਨ ਪਰ ਬਤੌਰ ਫਿਲਮ ਨਿਰਮਾਤਾ ਉਹਨਾਂ ਦਾ ਇਹ ਪਹਿਲਾ ਪ੍ਰਾਜੈਕਟ ਹੈ। ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਬਣ ਰਹੀ ਇਹ ਸਿਰੀਜ ਮਈ ਵਿੱਚ ਵੱਖ ਵੱਖ ਡਿਜੀਟਲ ਪਲੇਟਫ਼ਾਰਮਾਂ ‘ਤੇ ਦੇਖਣ ਨੂੰ ਮਿਲੇਗੀ।
