ਜਿ਼ਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈਤਾਇਨਾਤ ਚੋਣ ਅਮਲੇ ਦੀ ਦੂਜੀ ਰਿਹਰਸਲ ਹੋਈ

ਆਉਂਦੀ 14 ਦਸੰਬਰ ਨੂੰ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੀਆਂ ਜਿ਼ਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਲਈ ਤਾਇਨਾਤ ਚੋਣ ਅਮਲੇ ਦੀ ਦੂਜੀ ਰਿਹਰਸਲ ਅੱਜ ਜਿ਼ਲ੍ਹੇ ਵਿੱਚ ਨਿਰਧਾਰਤ ਵੱਖ ਵੱਖ ਸਥਾਨਾਂ ਤੇ ਜਿ਼ਲ੍ਹਾ ਚੋਣਕਾਰ ਅਫ਼ਸਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਈ ਗਈ। ਇਸ ਦੌਰਾਨ ਸਮੂਹ ਰਿਟਰਨਿੰਗ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਚੋਣ ਅਮਲੇ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ।

ਵਧੀਕ ਜਿ਼ਲ੍ਹਾ ਚੋਣ ਅਫ਼ਸਰ ਸੁਰਿੰਦਰ ਸਿੰਘ ਧਾਲੀਵਾਲ ਨੇ ਵੱਖ — ਵੱਖ ਰਿਹਰਸਲ ਕੇਂਦਰਾਂ ਵਿਖੇ ਜਾਇਜ਼ਾ ਲਿਆ। ਉਨ੍ਹਾਂ ਨੇ ਪੋਲਿੰਗ ਅਫ਼ਸਰਾਂ ਤੇ ਸਟਾਫ਼ ਨੂੰ ਸੌਂਪੀਆਂ ਗਈਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਚੋਣ ਪ੍ਰਬੰਧਾਂ ਨੂੰ ਸੁਚਾਰੂ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਿਰਪੱਖ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਵੋਟਾਂ ਵਾਲੇ ਦਿਨ ਪੂਰੀ ਮੁਸਤੈਦੀ ਵਰਤਣ ਅਤੇ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਦੀ ਭਾਵਨਾ ਨਾਲ ਨਿਭਾਉਣ।

ਵਧੀਕ ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਤੀਜੀ ਰਿਹਰਸਲ 13 ਦਸੰਬਰ ਨੂੰ ਹੋਵੇਗੀ ਅਤੇ ਇਸ ਮੌਕੇ ਹੀ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਸਮੇਤ ਰਵਾਨਾ ਕੀਤਾ ਜਾਵੇਗਾ।

Leave a Reply

Your email address will not be published. Required fields are marked *