ਐੱਸ.ਡੀ.ਐੱਮ ਅਬੋਹਰ ਸ੍ਰੀ. ਕ੍ਰਿਸ਼ਨ ਪਾਲ ਰਾਜਪੂਤ ਵੱਲੋਂ ਅਬੋਹਰ ਦੇ ਵੱਖ-ਵੱਖ ਮੀਂਹ ਪ੍ਰਭਾਵਿਤ ਪਿੰਡਾਂ ਪੱਟੀ ਬਿਲਾ, ਰੁਕਣਪੁਰਾ, ਦੌਲਤਪੁਰਾ, ਢੀਂਗਾ ਵਾਲੀ, ਵਰਿਆਮ ਖੇੜਾ, ਦਲਮੀਰ ਖੇੜਾ ਪਿੰਡਾਂ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਬਾਰੇ ਕਿਸਾਨਾਂ ਨਾਲ ਵਿਚਾਰ ਚਰਚਾ ਕੀਤੀ।
ਇਸ ਮੌਕੇ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦੀਆਂ ਸਬੰਧਿਤ ਵਿਭਾਗਾਂ ਨੂੰ ਪਾਣੀ ਦੇ ਨਿਕਾਸੀ ਕਾਰਜ ਹੋਰ ਤੇਜ਼ੀ ਨਾਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਨਹਿਰਾਂ ਵਿੱਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਤਾਂ ਕਿ ਇੱਕ ਤਾਂ ਓਵਰਫਲੋਅ ਪਾਣੀ ਪਿੰਡਾਂ ਵਿੱਚ ਨਾ ਆਵੇ ਤੇ ਦੂਸਰਾ ਕਿਸਾਨਾਂ ਦੇ ਖੇਤਾਂ ਦਾ ਪਾਣੀ ਨਹਿਰਾਂ ਵਿੱਚ ਕੱਢਿਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਕੁਦਰਤੀ ਕਰੋਪੀ ਦੇ ਹੱਲ ਲਈ ਉਹ ਲਗਾਤਾਰ ਤੁਹਾਡੇ ਖੇਤਾਂ ਵਿੱਚ ਆ ਕੇ ਰਾਬਤਾ ਕਰ ਰਹੇ ਹਨ ਤਾਂ ਜੋ ਤੁਹਾਨੂੰ ਆ ਰਹੀਆਂ ਮੁਸ਼ਕਲਾਂ ਤੋਂ ਅਸੀਂ ਜਾਣੂੰ ਹੋ ਸਕੀਏ। ਉਨ੍ਹਾਂ ਕਿਹਾ ਕਿ ਪਹਿਲਾਂ ਨਾਲੋਂ ਪਾਣੀ ਦਾ ਪੱਧਰ ਕਾਫ਼ੀ ਘਟਿਆ ਹੈ ਤੇ ਉਹ ਪਾਣੀ ਦੀ ਨਿਕਾਸੀ ਲਈ ਹਰ ਸੰਭਵ ਯਤਨ ਕਰ ਰਹੇ ਹਨ ਤਾਂ ਜੋ ਪਾਣੀ ਦੀ ਜਲਦੀ ਤੋਂ ਜਲਦੀ ਨਿਕਾਸੀ ਹੋ ਸਕੇ ਤੇ ਕਿਸਾਨਾਂ ਦੀ ਫਸਲ ਖ਼ਰਾਬ ਹੋਣ ਤੋਂ ਬਚ ਸਕੇ। ਇਸ ਮੌਕੇ ਤਹਿਸੀਲਦਾਰ ਸਾਹਿਬਾਨ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
