ਫਾਜ਼ਿਲਕਾ, 12 ਸਤੰਬਰ
ਕ੍ਰਿਸ਼ੀ ਵਿਗਿਆਨ ਕੇਂਦਰ ਫਾਜਿਲਕਾ ਜੋ ਕਿ ਸੀਫੈਟ ਅਬੋਹਰ ਵਿਖੇ ਕਾਰਜਸ਼ੀਲ ਹੈ ਦੇ ਮਾਹਿਰ ਵਿਗਿਆਨੀਆਂ ਡਾ ਅਰਵਿੰਦ ਕੁਮਾਰ ਅਹਿਲਾਵਤ, ਡਾ: ਹਰਿੰਦਰ ਸਿੰਘ ਦਹੀਆ ਅਤੇ ਡਾ ਪ੍ਰਕਾਸ਼ ਚੰਦ ਗੁਰਜਰ ਵੱਲੋਂ ਨਰਮੇ ਦੀ ਚੁਗਾਈ ਸਬੰਧੀ ਕਿਸਾਨਾਂ ਲਈ ਸਲਾਹ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਹਨਾਂ ਤਿੰਨਾਂ ਵਿਗਿਆਨੀਆਂ ਨੇ ਕਿਹਾ ਕਿ ਮੌਸਮ ਵਿੱਚ ਸਿੱਲ ਕਾਰਨ ਟੀਂਡੇ ਖਿੜਨ ਵਿੱਚ ਕੁਝ ਦੇਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਨਰਮੇ ਦੀ ਚੁਗਾਈ ਉਦੋਂ ਹੀ ਕੀਤੀ ਜਾਵੇ ਜਦੋਂ ਟੀਂਡੇ ਪੂਰੀ ਤਰਾਂ ਖੁੱਲ ਜਾਣ ਅਤੇ ਪੱਤੀਆਂ ਝੜਨ ਲੱਗਣ। ਬਾਰਿਸ਼ ਜਾਂ ਧੁੰਦ ਦੇ ਸਮੇਂ ਚੁਗਾਈ ਨਾ ਕੀਤੀ ਜਾਵੇ। ਅਮਰੀਕਨ ਕਪਾਹ ਅਰਥਾਤ ਨਰਮੇ ਦੀ ਚੁਗਾਈ 15- 20 ਦਿਨ ਬਾਅਦ ਅਤੇ ਦੇਸੀ ਕਪਾਹ ਦੀ ਚੁਕਾਈ ਹਰ 8-10 ਦਿਨ ਬਾਅਦ ਕੀਤੀ ਜਾਵੇ। ਚੁਗਾਈ ਸਮੇਂ ਨਰਮੇ ਕਪਾਹ ਨੂੰ ਸਾਫ ਜਗਾ ਤੇ ਰੱਖਿਆ ਜਾਵੇ। ਚੁਗਾਈ ਸਮੇਂ ਉਸਦੇ ਨਾਲ ਪੱਤੀ ਨਾ ਲੱਗਣ ਦਿੱਤੀ ਜਾਵੇ ਪਹਿਲੀ ਅਤੇ ਆਖਰੀ ਚੁਗਾਈ ਦੀ ਉਪਜ ਅਲੱਗ ਰੱਖੀ ਜਾਵੇ ਕਿਉਂਕਿ ਉਸ ਦੀ ਗੁਣਵੱਤਾ ਘੱਟ ਹੁੰਦੀ ਹੈ ਅਤੇ ਉਹ ਫਸਲ ਦੇ ਚੰਗੇ ਭਾਅ ਲੈਣ ਵਿੱਚ ਦਿੱਕਤ ਪੈਦਾ ਕਰ ਸਕਦੀ ਹੈ। ਪੱਤੀਆਂ, ਕਿਣਕਿਆਂ, ਮਿੱਟੀ ਅਤੇ ਕੀੜਿਆਂ ਤੋਂ ਪ੍ਰਭਾਵਿਤ ਫਸਲ ਨੂੰ ਅੱਡ ਰੱਖੀ ਜਾਵੇ । ਕਪਾਹ ਵਿੱਚ ਜੇਕਰ ਹਰੀਆਂ ਪੱਤੀਆਂ ਜਾਂ ਹੋਰ ਨਰਮੇ ਦੇ ਅਵਸ਼ੇਸ਼ ਰਲੇ ਹੋਣਗੇ ਤਾਂ ਇਸ ਨਾਲ ਮੁੱਲ ਚੰਗਾ ਨਹੀਂ ਮਿਲਦਾ। ਕਪਾਹ ਨੂੰ ਚੁਗਣ ਤੋਂ ਬਾਅਦ ਉਸ ਨੂੰ ਲਤਾੜ ਕੇ ਨਾ ਭਰੋ ਅਤੇ ਅਜਿਹਾ ਕਰਨ ਨਾਲ ਉਸ ਦੀ ਗੁਣਵੱਤਾ ਖਰਾਬ ਹੁੰਦੀ ਹੈ। ਖੇਤ ਵਿਚ ਚੁਗਾਈ ਤੋਂ ਬਾਅਦ ਇਸ ਨੂੰ ਜਮੀਨ ਤੇ ਢੇਰੀ ਨਾਲ ਕਰੋ ਸਗੋਂ ਕਿਸੇ ਚਾਦਰ ਦੇ ਉਪਰ ਰੱਖੋ ਅਤੇ ਇਸ ਵਿਚ ਘਾਹ ਫੂਸ ਮਿਲਣ ਨਾ ਦਿਓ। ਚੁਗਾਈ ਤੋਂ ਬਾਅਦ ਫਸਲ ਦੀਆਂ ਛਟੀਆਂ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਵੇ, ਤਾਂ ਇਸ ਨਾਲ ਅਗਲੇ ਸਾਲ ਗੁਲਾਬੀ ਸੁੰਡੀ ਦਾ ਖਤਰਾ ਘੱਟ ਹੁੰਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਜੋ ਕਿ ਸੀਫੈਟ ਅਬੋਹਰ ਵਿਖੇ ਕਾਰਜਸ਼ੀਲ ਹੈ ਦੇ ਵਿਗਿਆਨੀਆਂ ਨਾਲ ਰਾਬਤਾ ਕਰ ਸਕਦੇ ਹਨ।



