ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਧਾਨ ਸਭਾ ਵਿੱਚ ਇੱਕ ਧਿਆਨ ਦਵਾਊ ਮਤੇ ਦੇ ਜਵਾਬ ਵਿੱਚ ਦੱਸਿਆ ਕਿ ਤਲਵਾੜਾ ਦੇ ਬੱਸ ਅੱਡੇ ਦੀ ਇਮਾਰਤ ਦੀ ਟਰਾਂਸਪੋਰਟ ਵਿਭਾਗ ਦੇ ਤਾਲਮੇਲ ਨਾਲ ਨੁਹਾਰ ਬਦਲੀ ਜਾਵੇਗੀ।

ਦਸੂਹਾ ਦੇ ਵਿਧਾਇਕ ਵੱਲੋਂ ਬਲਾਕ ਤਲਵਾੜਾ ਦੇ ਬੱਸ ਸਟੈਂਡ ਦੀ ਬਿਲਡਿੰਗ ਦੀ ਖਸਤਾ ਹਾਲਤ ਬਾਰੇ ਧਿਆਨ ਦਵਾਇਆ ਗਿਆ ਸੀ, ਜਿਸ ਦੇ ਜਵਾਬ ਵਿੱਚ ਸੌਂਦ ਨੇ ਕਿਹਾ ਕਿ ਹਾਲ ਦੀ ਘੜੀ ਪੰਚਾਇਤ ਸੰਮਤੀ ਕੋਲ ਬੱਸ ਸਟੈਂਡ ਦੀ ਨਵੀਂ ਉਸਾਰੀ ਲਈ ਉਪਯੁਕਤ ਫੰਡਜ ਉਪਲੱਭਧ ਨਹੀਂ ਹਨ। ਜਦੋਂ ਤੱਕ ਬੱਸ ਸਟੈਂਡ ਦੀ ਨਵੀਂ ਬਿਲਡਿੰਗ ਦੀ ਉਸਾਰੀ ਨਹੀਂ ਹੁੰਦੀ, ਉਸ ਸਮੇਂ ਤੱਕ ਇਸ ਨੂੰ ਚੱਲਦੀ ਹਾਲਤ ਵਿਚ ਰੱਖਣ ਲਈ ਸੰਮਤੀ ਫੰਡ/15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿਚੋਂ ਰਿਪੇਅਰ ਕਰਨ ਦੇ ਉਪਰਾਲੇ ਕੀਤੇ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਸਾਲ 2021 ਦੌਰਾਨ ਬੱਸ ਸਟੈਂਡ ਤਲਵਾੜਾ ਦੀ ਨਵੀਂ ਉਸਾਰੀ ਲਈ 2.62 ਕਰੋੜ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਸੀ ਪ੍ਰੰਤੂ ਫੰਡ ਪ੍ਰਾਪਤ ਨਾ ਹੋਣ ਕਾਰਨ ਉਸਾਰੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ। ਹੁਣ ਦੋਬਾਰਾ ਟਰਾਂਸਪੋਰਟ ਵਿਭਾਗ ਨਾਲ ਰਾਬਤਾ ਕਰਕੇ ਬੱਸ ਅੱਡੇ ਦੀ ਦਸ਼ਾ ਬਦਲੀ ਜਾਵੇਗੀ।