ਪੰਜਾਬ ਸਰਕਾਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਧ ਤੋਂ ਵੱਧ ਰਾਹਤ ਪਹੁੰਚਾਉਣ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਤੇਜੀ ਨਾਲ ਜਾਰੀ ਹਨ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਹੈ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਵਿਚ 10874 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ ਅਤੇ 5890 ਥੈਲੇ ਕੈਟਲ ਫੀਡ ਦੀ ਵੰਡ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀ 25037 ਲੋਕਾਂ ਦੇ ਜੀਵਨ ਤੇ ਇੰਨ੍ਹਾਂ ਹੜ੍ਹਾਂ ਦਾ ਅਸਰ ਪਿਆ ਹੈ। ਹੁਣ ਤੱਕ 4235 ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਵਿਚੋਂ ਸੁਰੱਖਿਅਤ ਕੱਢਿਆ ਗਿਆ ਹੈ। ਕੁੱਲ 30 ਰਾਹਤ ਕੈਂਪ ਬਣਾਏ ਗਏ ਹਨ ਜਿੰਨ੍ਹਾਂ ਵਿਚੋਂ 14 ਕਾਰਜਸ਼ੀਲ ਹਨ। ਕੈਂਪਾਂ ਵਿਚ 2761 ਲੋਕ ਰਹਿ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਹਰੀਕੇ ਅਤੇ ਹੁਸੈਨੀਵਾਲਾ ਹੈਡ ਵਰਕਸਾਂ ਤੋਂ ਪਾਣੀ ਦੀ ਨਿਕਾਸੀ ਲਗਾਤਾਰ ਘੱਟ ਰਹੀ ਹੈ ਅਤੇ ਇਸ ਵੇਲੇ ਇੱਥੇ 2 ਲੱਖ 44 ਹਜਾਰ ਕਿਉਸਿਕ ਪਾਣੀ ਚੱਲ ਰਿਹਾ ਹੈ।ਇੱਥੋਂ ਕੁਝ ਦਿਨ ਪਹਿਲਾਂ ਤੱਕ 3 ਲੱਖ 30 ਹਜਾਰ ਕਿਉਸਿਕ ਪਾਣੀ ਚਲਦਾ ਰਿਹਾ ਹੈ। ਇਸ ਤਰਾਂ 85 ਹਜਾਰ ਕਿਉਸਿਕ ਦੀ ਕਮੀ ਆਈ ਹੈ।
