ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਆਪ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੇ ਕੀਤਾ ਰਿਲੀਜ਼
ਮੀਡੀਆ ਕੇਂਦਰ ਅਤੇ ਏਕੀਕ੍ਰਿਤ ਕੰਟਰੋਲ ਰੂਮ ਦਾ ਵੀ ਕੀਤਾ ਦੌਰਾ, ਪ੍ਰਸ਼ਾਸਨ ਤੇ ਪੁਲਿਸ ਦੇ ਪ੍ਰਬੰਧਾਂ ਨੂੰ ਸਰਾਹਿਆ
ਫਤਹਿਗੜ੍ਹ ਸਾਹਿਬ, 24 ਦਸੰਬਰ:
ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਨਤਮਸਤਕ ਹੋਣ ਲਈ ਪਹੁੰਚਣ ਵਾਲੇ ਦੇਸ਼ ਵਿਦੇਸ਼ ਦੇ ਲੱਖਾਂ ਸ਼ਰਧਾਲੂਆਂ ਲਈ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਰਵੋਤਮ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਪ੍ਰਗਟਾਵਾ ਪੰਜਾਬ ਮੀਡੀਆ ਮਾਮਲਿਆਂ ਦੇ ਇੰਚਾਰਜ ਤੇ ਸੂਬਾ ਜਨਰਲ ਸਕੱਤਰ ਆਪ ਬਲਤੇਜ ਪੰਨੂ ਨੇ ਅੱਜ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਤੇ ਏ.ਡੀ.ਸੀ ਪੂਜਾ ਸਿਆਲ ਗਰੇਵਾਲ ਸਮੇਤ ਤਹਿਸੀਲ ਕੰਪਲੈਕਸ ਵਿਖੇ ਸਥਾਪਤ ਮੀਡੀਆ ਸੈਂਟਰ ਦਾ ਦੌਰਾ ਕਰਨ ਮੌਕੇ ਕੀਤਾ। ਸ਼੍ਰੀ ਪੰਨੂ, ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਮਗਰੋਂ ਇਥੇ ਪੱੁਜੇ ਸਨ। ਇਸ ਉਪਰੰਤ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਨਜ਼ਦੀਕ ਟਿੱਲੇ ਉਤੇ ਸਥਾਪਤ ਏਕੀਕ੍ਰਿਤ ਕੰਟਰੋਲ ਰੂਮ ਦਾ ਵੀ ਜਾਇਜ਼ਾ ਲਿਆ ਗਿਆ ਜਿਥੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਸੁਵਿਧਾ ਲਈ ਅਧਿਕਾਰੀ 24 ਘੰਟੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਬਲਤੇਜ ਪੰਨੂ ਨੇ ਇਸ ਮੌਕੇ ਜਿ਼ਲ੍ਹਾ ਪ੍ਰਸਾ਼ਸਨ ਦੀ ਤਰਫੋਂ ਸ਼ਰਧਾਲੂਆਂ ਦੀ ਸੁਵਿਧਾ ਲਈ ਤਿਆਰ ਕੀਤੇ ਗਏ ਵਿਸ਼ੇਸ਼ ਸੂਚਨਾ ਬ੍ਰੋਸ਼ਰ ਨੂੰ ਵੀ ਰਿਲੀਜ਼ ਕੀਤਾ। ਉਨ੍ਹਾਂ ਦੱਸਿਆ ਕਿ ਇਸ ਬ੍ਰੋਸ਼ਰ ਵਿੱਚ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਧਾਮਾਂ ਬਾਰੇ ਸੰਖੇਪ ਜਾਣਕਾਰੀ ਸਾਂਝਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸ਼ਹੀਦੀ ਸਭਾ ਵਿੱਚ ਵੱਖ ਵੱਖ ਪ੍ਰਬੰਧਾਂ ਲਈ ਤਾਇਨਾਤ ਕੀਤੇ ਗਏ ਪ੍ਰਸ਼ਾਸਨ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਨਾਲ ਸਿਹਤ ਵਿਭਾਗ, ਸੂਚਨਾ ਤੇ ਮੈਡੀਕਲ ਸਹਾਇਤਾ ਕੇਂਦਰਾਂ, ਪੀਐਸਪੀਸੀਐਲ, ਜਲ ਸਪਲਾਈ ਤੇ ਸੈਨੀਟੇਸ਼ਨ, ਸੀਵਰੇਜ, ਨਗਰ ਕੌਂਸਲਾਂ ਆਦਿ ਦੇ ਸੰਪਰਕ ਨੰਬਰ ਸ਼ਾਮਲ ਕੀਤੇ ਗਏ ਹਨ ਤਾਂ ਜੋ ਕੋਈ ਵੀ ਸ਼ਰਧਾਲੂ ਲੋੜ ਪੈਣ *ਤੇ ਇਨ੍ਹਾਂ ਸੁਵਿਧਾਵਾਂ ਦੀ ਵਰਤੋਂ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਪੁਲਿਸ ਵੱਲੋਂ ਵੱਡੀਆਂ ਤੇ ਛੋਟੀਆਂ ਪਾਰਕਿੰਗਾਂ, ਪੁਲਿਸ ਨਾਕਿਆਂ, ਚੈਕ ਬੈਰੀਅਰਾਂ ਤੇ ਟਰੈਫਿਕ ਰੂਟ ਪਲਾਨ ਦੇ ਨਕਸ਼ੇ ਵੀ ਇਸ ਬ੍ਰੋਸ਼ਰ ਵਿੱਚ ਸ਼ਾਮਲ ਕੀਤੇ ਗਏ ਹਨ। ਸ਼੍ਰੀ ਪੰਨੂ ਨੇ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸਰਾਹਣਾ ਵੀ ਕੀਤੀ।

