
- ਰਜਿਸਟਰੇਸ਼ਨ ਨਾ ਕਰਵਾਉਣ ਤੇ ਡੋਗ ਬਰੀਡਰ ਪੈਟ ਸ਼ਾਪ ਦੇ ਪੈਟਸ ਐਸ.ਪੀ.ਸੀ.ਏ. ਜਾਂ ਪੰਜਾਬ ਪਸ਼ੂ ਭਲਾਈ ਬੋਰਡ ਵੱਲੋਂ ਕੀਤੇ ਜਾਣਗੇ ਜਬਤ
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ:ਜ਼ਿਲ੍ਹੇ ਦੀਆਂ ਪੈੱਟ ਸ਼ਾਪ ਅਤੇ ਡੌਗ ਬਰੀਡਰਜ਼ ਦੀ ਰਜਿਸਟਰੇਸ਼ਨ ਲਈ ਪੰਜਾਬ ਪਸ਼ੂ ਭਲਾਈ ਬੋਰਡ ਅਧੀਨ ਗਠਿਤ ਕੀਤੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਜੰਗਲੀ ਜੀਵ, ਜੰਗਲਾਤ ਵਿਭਾਗ ਅਤੇ ਪਸ਼ੂਆਂ ਤੇ ਹੁੰਦੇ ਅਤਿਆਚਾਰ ਰੋਕਣ ਲਈ ਬਣਾਈ ਕਮੇਟੀ ਦੇ ਮੈਂਬਰਾਂ ਦੀ ਗੈਰ ਹਾਜਰੀ ਦਾ ਡਿਪਟੀ ਕਮਿਸ਼ਨਰ ਨੇ ਗੰਭੀਰ ਨੋਟਿਸ ਲੈਂਦਿਆਂ ਅਨੁਸ਼ਾਸ਼ਨਿਕ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਸੋਨਾ ਥਿੰਦ ਨੇ ਦੱਸਿਆ ਕਿ ਪੰਜਾਬ ਪਸ਼ੂ ਭਲਾਈ ਬੋਰਡ ਦਾ ਗਠਨ ਕੇਂਦਰ ਸਰਕਾਰ ਵੱਲੋਂ ਬਣਾਏ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੀ ਤਰਜ਼ ਤੇ ਕੀਤਾ ਗਿਆ ਹੈ ਜਿਸ ਦਾ ਮੰਤਵ ਪਸ਼ੂਆਂ ਖਾਸ ਕਰਕੇ ਛੋਟੇ ਜਾਨਵਰਾਂ ਜਿਵੇਂ ਕਿ ਕੁੱਤੇ, ਬਿੱਲੀ, ਖਰਗੋਸ਼, ਗਿਨੀ ਪਿੱਗ, ਹੈਮਸਟਰ, ਚੂਹੇ ਅਤੇ ਘਰ ਵਿੱਚ ਰੱਖੇ ਜਾਣ ਵਾਲੇ ਪੰਛੀਆਂ ਉੱਤੇ ਹੁੰਦੇ ਅੱਤਿਆਚਾਰ ਅਤੇ ਪਸ਼ੂਆਂ ਦੀ ਖਰੀਦ ਵੇਚ ਵਿੱਚ ਕੀਤੀ ਜਾਂਦੀ ਧੋਖਾਧੜੀ ਨੂੰ ਰੋਕਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਕਿੱਤੇ ਨਾਲ ਜੁੜੇ ਲੋਕ ਜੋ ਇਨ੍ਹਾਂ ਦੀ ਬਰੀਡਿੰਗ ਵੀ ਕਰਦੇ ਹੋਣ ਜਾਂ ਖਰੀਦ-ਵੇਚ ਦਾ ਕੰਮ ਕਰਦੇ ਹੋਣ, ਉਨ੍ਹਾਂ ਨੂੰ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਸੂਚੀਬੱਧ ਹੋਣਾ ਲਾਜ਼ਮੀ ਹੈ। ਰਜਿਸਟਰੇਸ਼ਨ ਲਈ ਫੀਸ 5000 ਰੁਪਏ ਹੋਵੇਗੀ ਤੇ ਦੋ ਸਾਲ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੈੱਟਸ ਦੀ ਖਰੀਦ-ਵੇਚ ਦਾ ਕੰਮ ਕਰਨ ਵਾਲੇ ਪੈੱਟ ਸ਼ਾਪ ਦੀ ਰਜਿਸਟਰੇਸ਼ਨ ਫੀਸ 5000 ਰੁਪਏ ਹੋਵੇਗੀ ਤੇ ਇਹ ਲਾਇਸੈਂਸ 05 ਸਾਲ ਦਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਲਈ ਫੀਸ ਐਚ.ਡੀ.ਐਫ.ਸੀ. ਬੈਂਕ ਦੇ ਖਾਤਾ ਨੰਬਰ 50100720738126 ਆਈ.ਐਫ.ਐਸ.ਸੀ. ਕੋਡ HDFC0001308 ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ।
ਡਾ: ਸੋਨਾ ਥਿੰਦ ਨੇ ਦੱਸਿਆ ਕਿ ਪੈਟ ਵੇਚਣ ਵਾਲੇ ਵਿਅਕਤੀ ਨੂੰ ਹਰ ਤਰ੍ਹਾਂ ਦਾ ਰਿਕਾਰਡ ਜਿਵੇਂ ਕਿ ਕਿਸ ਕੋਲੋਂ ਖਰੀਦਿਆ, ਕਿੰਨੇ ਦਾ ਖਰੀਦਿਆ ਅਤੇ ਕਿੰਨੇ ਦਾ ਵੇਚਿਆ, ਸਬੰਧੀ ਸਾਰੇ ਤਰ੍ਹਾਂ ਦੇ ਰਜਿਸਟਰਾਂ ਵਿੱਚ ਰੱਖਣਾ ਲਾਜ਼ਮੀ ਹੋਵੇਗਾ ਅਤੇ ਵੇਚੇ ਜਾਣ ਵਾਲੇ ਪੈਟ ਦੀ ਪਹਿਚਾਣ ਲਈ ਮਾਈਕਰੋਚਿਪ ਪਾਉਣੀ ਲਾਜ਼ਮੀ ਹੋਵੇਗੀ। ਪੈਟ ਸ਼ੋਪ ਅਤੇ ਡੋਗ ਬਰੀਡਰ ਦੀ ਰਜਿਸਟਰੇਸ਼ਨ ਤੋਂ ਪਹਿਲਾਂ ਤਹਿਸੀਲ ਪੱਧਰੀ ਅਤੇ ਜਿਲਾ ਪੱਧਰੀ ਨਿਰੀਖਣ ਕਮੇਟੀ ਵੱਲੋਂ ਰਿਪੋਰਟ ਪੇਸ਼ ਕੀਤੀ ਜਾਵੇਗੀ ਜਿਸ ਦੇ ਆਧਾਰ ਤੇ ਰਜਿਸਟਰੇਸ਼ਨ ਹੋਵੇਗੀ। ਇਸ ਨਿਰੀਖਣ ਕਮੇਟੀ ਵਿੱਚ ਵੈਟਰਨਰੀ ਅਫਸਰ, ਸਥਾਨਕ ਸਰਕਾਰਾਂ ਦਾ ਨੁਮਾਇੰਦਾ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦਾ ਨੁਮਾਇੰਦਾ, ਐਸ.ਪੀ.ਸੀ.ਏ. ਦਾ ਮੈਂਬਰ ਅਤੇ ਪੁਲਿਸ ਵਿਭਾਗ ਦਾ ਨੁਮਾਇੰਦਾ ਬਤੌਰ ਮੈਂਬਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਪਸੂ ਭਲਾਈ ਬੋਰਡ ਨਾਲ ਰਜਿਸਟਰੇਸ਼ਨ ਨਾ ਕਰਵਾਉਣ ਦੀ ਸੂਰਤ ਵਿੱਚ ਐਕਟ ਦੀ ਧਾਰਾ 29 ਅਧੀਨ ਡੋਗ ਬਰੀਡਰ ਪੈਟ ਸ਼ਾਪ ਦੇ ਪੈਟਸ ਐਸ.ਪੀ.ਸੀ.ਏ. ਜਾਂ ਪੰਜਾਬ ਪਸ਼ੂ ਭਲਾਈ ਬੋਰਡ ਵੱਲੋਂ ਜਬਤ ਕੀਤੇ ਜਾ ਸਕਦੇ ਹਨ ਅਤੇ ਉਹਨਾਂ ਜਾਨਵਰਾਂ ਦੇ ਰੱਖ ਰਖਾਵ ਅਤੇ ਆਉਣ ਵਾਲੇ ਇਲਾਜ ਦਾ ਖਰਚਾ ਪੈਟ ਸ਼ਾਪ ਦੇ ਮਾਲਕ ਅਤੇ ਡੋਗ ਬਰੀਡਰ ਤੋਂ ਲਿਆ ਜਾਵੇਗਾ। ਉਨ੍ਹਾਂ ਸਮੂਹ ਕਮੇਟੀ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਬਣਦੀ ਲੋੜੀਦੀ ਕਾਰਵਾਈ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਜਿਲੇ ਦੇ ਸਾਰੇ ਪੈਟ ਸ਼ਾਪ ਅਤੇ ਡਾਗ ਬਰੀਡਰ ਦੀ ਰਜਿਸਟਰੇਸ਼ਨ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਕੀਤੀ ਜਾਵੇ। ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਜਿਲੇ ਦੇ ਸਮੁੱਚੇ ਡੋਗ ਬਰੀਡਰਾਂ ਅਤੇ ਪੈਟ ਸ਼ਾਪ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਿੱਤੇ ਦੀ ਪੰਜਾਬ ਪਸੂ ਭਲਾਈ ਬੋਰਡ ਨਾਲ ਤੁਰੰਤ ਰਜਿਸਟਰੇਸ਼ਨ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ
