
*ਵਿਧਾਇਕ ਵੱਲੋਂ ਪਿੰਡ ਅਜਨੇਰ, ਕੋਟਲਾ ਅਜਨੇਰ ਅਤੇ ਸੈਦਪੁਰਾ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 15.90 ਲੱਖ ਰੁਪਏ ਨਾਲ ਕਰਵਾਏ ਵਿਕਾਸ ਕਾਰਜ ਲੋਕ ਅਰਪਿਤ
ਬੱਸੀ ਪਠਾਣਾਂ/ ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਿਆ ਖੇਤਰ ਨੂੰ ਬਿਹਤਰੀਨ ਬਨਾਉਣ ਵਾਸਤੇ ਵਿੱਡੀ ਗਈ ਮੁਹਿੰਮ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਸਰਕਾਰੀ ਸਕੂਲਾਂ ਵਿੱਚ ਮਿਸਾਲੀ ਕਾਰਜ ਕੀਤੇ ਗਏ ਹਨ ਤੇ ਕਰਵਾਏ ਜਾ ਰਹੇ ਹਨ, ਜਿਸ ਨਾਲ ਸੂਬੇ ਦਾ ਸਿੱਖਿਆ ਢਾਂਚਾ ਦੇਸ਼ ਭਰ ਲਈ ਮਿਸਾਲ ਬਣਿਆ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕਾ ਬਸੀ ਪਠਾਣਾਂ ਦੇ ਪਿੰਡ ਅਜਨੇਰ, ਕੋਟਲਾ ਅਜਨੇਰ ਅਤੇ ਸੈਦਪੁਰਾ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 15.90 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜ ਲੋਕ ਅਰਪਿਤ ਕਰਨ ਮੌਕੇ ਕੀਤਾ।
ਹਲਕਾ ਵਿਧਾਇਕ ਨੇ ਦੱਸਿਆ ਕਿ ਪਿੰਡ ਅਜਨੇਰ ਦੇ ਸ਼ਹੀਦ ਤਾਰਾ ਸਿੰਘ ਸਰਕਾਰੀ ਹਾਈ ਸਕੂਲ, ਵਿਖੇ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਕਰੀਬ 13 ਲੱਖ ਦੀ ਲਾਗਤ ਨਾਲ ਬਣ ਰਹੀ ਵਿਗਿਆਨ ਲੈਬ ਅਤੇ ਕਰੀਬ 80 ਹਜ਼ਾਰ ਰੁਪਏ ਨਾਲ ਮੁਰੰਮਤ ਕੀਤੀ ਸਕੂਲ ਦੀ ਚਾਰ ਦੀਵਾਰੀ,
ਸਰਕਾਰੀ ਪ੍ਰਾਇਮਰੀ ਸਕੂਲ, ਕੋਟਲਾ ਅਜਮੇਰ, ਵਿਖੇ ਕਰੀਬ 90 ਹਜ਼ਾਰ ਰੁਪਏ ਨਾਲ ਮੁਰੰਮਤ ਕੀਤੀ ਚਾਰ ਦੀਵਾਰੀ ਅਤੇ ਸਰਕਾਰੀ ਐਲੀਮੈਂਟਰੀ ਸਕੂਲ, ਸੈਦਪੁਰਾ ਦੀ ਕਰੀਬ 01,20,000 ਹਜ਼ਾਰ ਰੁਪਏ ਨਾਲ ਮੁਰੰਮਤ ਕੀਤੀ ਚਾਰ ਦੀਵਾਰੀ ਲੋਕ ਅਰਪਿਤ ਕੀਤੀ ਗਈ ਹੈ।
ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲਗਾਤਰ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਆਮ ਵਿਅਕਤੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਹੀ ਤਰਜੀਹ ਦਿੰਦੇ ਸਨ ਪ੍ਰੰਤੂ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਇਤਿਹਾਸਕ ਉਪਰਾਲਿਆਂ ਸਦਕਾ ਅੱਜ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਹੋਇਆ ਹੈ।
ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਦੇਸ਼ ਵਿੱਚੋਂ ਸਭ ਤੋਂ ਬਿਹਤਰੀਨ ਸਿੱਖਿਆ ਪ੍ਰਬੰਧ ਦੇਣ ਦਾ ਟੀਚਾ ਲੈ ਕੇ ਦਿਨ-ਰਾਤ ਇੱਕ ਕਰਕੇ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਕੀਤੇ ਯਤਨਾਂ ਦੇ ਸਾਰਥਕ ਸਿੱਟੇ ਨਿਕਲ ਕੇ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਲਗਭਗ 28 ਲੱਖ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਹਨਾਂ ਵਿੱਚੋਂ ਕਰੀਬ 17 ਹਜ਼ਾਰ ਸਕੂਲਾਂ ਨੂੰ ਵਾਈਫਾਈ ਦੀ ਸਹੂਲਤ ਨਾਲ ਲੈਸ ਕੀਤਾ ਗਿਆ ਹੈ।
ਹਲਕਾ ਵਿਧਾਇਕ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਅਧਿਆਪਕ ਭਰਤੀ ਕੀਤੇ ਗਏ ਹਨ, ਉੱਥੇ 12,700 ਅਧਿਆਪਕ ਪੱਕੇ ਵੀ ਕੀਤੇ ਗਏ ਹਨ। ਕਰੀਬ 9000 ਸਫਾਈ ਸੇਵਕ ਤੇ ਚੌਕੀਦਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਾਏ ਗਏ ਹਨ। ਇਸ ਦੇ ਨਾਲ-ਨਾਲ ਸਕੂਲ ਆਫ ਐਮੀਨੈਂਸ ਦੇ ਰੂਪ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਗਈ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇਣ।
ਇਸ ਮੌਕੇ ਹਲਕਾ ਵਿਧਾਇਕ ਵੱਲੋਂ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲਾਂ ਦੇ ਸਟਾਫ ਵੱਲੋਂ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਬੀ.ਡੀ.ਪੀ.ਓ. ਖਮਾਣੋਂ ਸ਼੍ਰੀਮਤੀ ਪਰਮਬੀਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕਮਲਜੀਤ ਕੌਰ, ਕੋਆਰਡੀਨੇਟਰ ਸਮਾਰਟ ਸਕੂਲਜ਼ ਗੁਰਦੀਪ ਸਿੰਘ ਮਾਂਗਟ, ਮੈਂਬਰ ਪੰਜਾਬ ਮੰਡੀ ਬੋਰਡ ਇੰਦਰਜੀਤ ਸਿੰਘ, ਮੀਡੀਆ ਕੋਆਰਡੀਨੇਟਰ ਜਰਨੈਲ ਸਿੰਘ ਸਹੋਤਾ, ਸੁਖਜੀਤ ਸਿੰਘ ਮਾਵੀ ਸਮੇਤ ਵੱਡੀ ਗਿਣਤੀ ਅਧਿਆਪਕ, ਸਕੂਲਾਂ ਦੇ ਪ੍ਰਿੰਸੀਪਲ, ਵਿਦਿਆਰਥੀ ਅਤੇ ਪਿੰਡ ਵਾਸੀ ਹਾਜ਼ਰ ਸਨ।