
ਬਸੀ ਪਠਾਣਾ, 26 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੋਸ਼ੋ ਖਰੋਸ਼ ਨਾਲ ਜਾਰੀ ਹੈ ਅਤੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਹੋਇਆਂ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਦੇ ਨਾਲ ਨਾਲ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਸਿਹਤਯਾਬ ਕਰਕੇ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਿਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅੱਜ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਵੱਖ ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।
ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਮੀਨੀ ਤੌਰ ਤੇ ਹੋ ਰਹੀ ਕਾਰਵਾਈ ਸਦਕਾ ਛੇਤੀ ਹੀ ਪੰਜਾਬ ਰਾਜ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ । ਉਹਨਾਂ ਨੇ ਅੱਜ ਪਿੰਡ ਭਾਂਬਰੀ, ਬਰਵਾਲੀ ਕਲਾਂ, ਚੜੀ, ਭੁੱਟਾ, ਰਿਆ , ਠੀਕਰੀਵਾਲਾ, ਲਖਨਪੁਰ, ਮਨਸੂਰਪੁਰ, ਮਨੈਲਾ ਆਦਿ ਸਮੇਤ ਹੋਰ ਕਈ ਪਿੰਡਾਂ ਵਿੱਚ ਆਯੋਜਿਤ ਨਸ਼ਾ ਮੁਕਤੀ ਯਾਤਰਾ ਦੌਰਾਨ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ। ਵਿਧਾਇਕ ਨੇ ਦੱਸਿਆ ਕਿ ਰੋਜ਼ਾਨਾ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਉਹ ਖੁਦ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਨਸ਼ਾ ਵਿਰੋਧੀ ਉਪਰਾਲਿਆਂ ਬਾਰੇ ਜਾਗਰੂਕ ਕਰ ਰਹੇ ਹਨ ਅਤੇ ਇਸ ਮੁਹਿੰਮ ਦੇ ਹੁਣ ਤੱਕ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਕਾਰਜਸ਼ੀਲ ਪੇਂਡੂ ਡਿਫੈਂਸ ਕਮੇਟੀਆਂ ਦੀ ਫੀਡਬੈਕ ਮਹੱਤਵਪੂਰਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਯੁੱਧ ਲਗਾਤਾਰ ਜਾਰੀ ਰਹੇਗਾ ਅਤੇ ਨਸ਼ਿਆਂ ਦੇ ਖਾਤਮੇ ਹਿੱਤ ਨਸ਼ਾ ਤਸਕਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਰਹੇਗੀ।
ਇਸ ਮੌਕੇ ਪਿੰਡਾਂ ਦੇ ਨਿਵਾਸੀਆਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਮਿੰਦਰ ਸਿੰਘ ਤੋਂ ਇਲਾਵਾ ਸਿਹਤ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।