ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜੀਟਲ ਮੁਲਾਂਕਣ ਪ੍ਰਣਾਲੀ ਲਾਗੂ ਕਰੇਗਾ: ਹਰਜੋਤ ਸਿੰਘ ਬੈਂਸ

ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਮੁਲਾਂਕਣ ਪ੍ਰਕਿਰਿਆ ਵਿੱਚ ਵੱਡਾ ਬਦਲਾਅ ਲਿਆਉਣ ਜਾ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਲਾਗੂ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਦਮ ਨਾਲ ਪੰਜਾਬ ਦੇਸ਼ ਦੇ ਉਨ੍ਹਾਂ ਮੋਹਰੀ ਸੂਬਿਆਂ ਵਿੱਚ ਸ਼ੁਮਾਰ ਹੋ ਜਾਵੇਗਾ, ਜਿੱਥੇ ਪੂਰੀ ਤਰ੍ਹਾਂ ਡਿਜੀਟਲ ਮੁਲਾਂਕਣ ਪ੍ਰਣਾਲੀ ਅਪਣਾਈ ਜਾ ਰਹੀ ਹੈ।

ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਅਧਿਆਪਕ ਸਕੈਨ ਕੀਤੀਆਂ ਉੱਤਰ ਪੱਤਰੀਆਂ ਦਾ ਕੰਪਿਊਟਰ ‘ਤੇ ਮੁਲਾਂਕਣ ਕਰ ਸਕਣਗੇ ਅਤੇ ਸਾਫ਼ਟਵੇਅਰ ਰਾਹੀਂ ਅੰਕਾਂ ਦੀ ਗਿਣਤੀ ਆਪਣੇ ਆਪ ਹੋਵੇਗੀ ਜਿਸ ਨਾਲ ਨਤੀਜੇ ਤੇਜ਼ ਅਤੇ ਸਹੀ ਤਰੀਕੇ ਨਾਲ ਜਾਰੀ ਹੋਣਗੇ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪ੍ਰਣਾਲੀ ਨੇ ਤੁਰੰਤ ਅਤੇ ਸਟੀਕ ਮੁਲਾਂਕਣ ਕਰਕੇ ਆਪਣੀ ਯੋਗਤਾ ਪਹਿਲਾਂ ਹੀ ਸਾਬਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਤੰਬਰ 2025 ਦੀ ਸਪਲੀਮੈਂਟਰੀ ਪ੍ਰੀਖਿਆ ਦੌਰਾਨ 23,000 ਉੱਤਰ ਪੱਤਰੀਆਂ ਦਾ ਡਿਜੀਟਲ ਮੁਲਾਂਕਣ ਸਫ਼ਲਤਾਪੂਰਵਕ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਸਫ਼ਲ ਪ੍ਰਯੋਗ ਤੋਂ ਉਤਸ਼ਾਹਿਤ ਹੋ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਾਲ ਮੈਟ੍ਰਿਕ ਪ੍ਰੀਖਿਆ ਦੇ ਇੱਕ ਵਿਸ਼ੇ ਵਿੱਚ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਲਾਗੂ ਕਰੇਗਾ ਅਤੇ ਆਉਣ ਵਾਲੇ ਸੈਸ਼ਨਾਂ ਵਿੱਚ ਇਸ ਦਾ ਵਿਸਥਾਰ ਕੀਤਾ ਜਾਵੇਗਾ।

ਤਕਨੀਕੀ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਵੀਂ ਡਿਜ਼ਾਈਨ ਕੀਤੀ ਗਈ ਉੱਤਰ ਪੱਤਰੀ ਦੇ ਹਰੇਕ ਪੰਨੇ ਵਿੱਚ ਇੱਕ ਵਿਲੱਖਣ ਕਿਊ.ਆਰ. ਕੋਡ ਹੈ ਜਿਸ ਨਾਲ ਸੁਰੱਖਿਅਤ ਸਕੈਨਿੰਗ ਅਤੇ ਨਿਰਵਿਘਨ ਡਿਜੀਟਲ ਪ੍ਰੋਸੈਸਿੰਗ ਸੰਭਵ ਹੋਵੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਤਹਿਤ ਉੱਤਰ ਪੱਤਰੀਆਂ ਨੂੰ ਇੱਕ ਸੁਰੱਖਿਅਤ ਮਾਹੌਲ ਵਿੱਚ ਸਕੈਨ ਕੀਤਾ ਜਾਂਦਾ ਹੈ ਅਤੇ ਇੱਕ ਕੇਂਦਰੀਕ੍ਰਿਤ ਡੈਸ਼ਬੋਰਡ ‘ਤੇ ਅਪਲੋਡ ਕੀਤਾ ਜਾਂਦਾ ਹੈ, ਜਿੱਥੇ ਪ੍ਰੀਖਿਆਰਥੀ ਜੋੜ, ਢਾਂਚਾਗਤ ਮਾਰਕਿੰਗ ਸਕੀਮਾਂ ਅਤੇ ਅਸਲ-ਸਮੇਂ ਦੀ ਨਿਗਰਾਨੀ ਨਾਲ ਉਨ੍ਹਾਂ ਦਾ ਆਨਲਾਈਨ ਮੁਲਾਂਕਣ ਕਰਦੇ ਹਨ।

ਉਨ੍ਹਾਂ ਕਿਹਾ, “ਇਹ ਸਿਰਫ਼ ਇੱਕ ਅਪਗ੍ਰੇਡ ਨਹੀਂ ਹੈ, ਇਹ ਸਾਡੇ ਬੱਚਿਆਂ ਦੇ ਭਵਿੱਖ ਦੇ ਮੁਲਾਂਕਣ ਦਾ ਮੁਕੰਮਲ ਬਦਲਾਅ ਹੈ।” ਸ. ਬੈਂਸ ਨੇ ਕਿਹਾ ਕਿ ਕਿਊ.ਆਰ ਕੋਡ ਵਾਲੀਆਂ ਸ਼ੀਟਾਂ ਅਤੇ ਡਿਜੀਟਲ ਮੁਲਾਂਕਣ ਨਾਲ ਨਿਰਪੱਖਤਾ, ਤੇਜ਼ੀ ਅਤੇ ਸਟੀਕਤਾ ਯਕੀਨੀ ਬਣੇਗੀ।

ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇਸ ਪਹਿਲ ਪਿੱਛੇ ਵਿਦਿਆਰਥੀਆਂ ਨੂੰ ਤਰਜੀਹ ਦੇਣ ਸਬੰਧੀ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਇਹ ਪਹਿਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਮਾਨਦਾਰੀ ਅਤੇ ਕੁਸ਼ਲਤਾ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗੀ। ਵਿਦਿਆਰਥੀਆਂ ਨੂੰ ਨਤੀਜੇ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਮੀ, ਮਿਆਰੀ ਮਾਰਕਿੰਗ ਅਤੇ ਮੁਲਾਂਕਣ ਵਿੱਚ ਪਾਰਦਰਸ਼ਤਾ ਦਾ ਲਾਭ ਮਿਲੇਗਾ। ਸਾਡੇ ਅਧਿਆਪਕ ਵੀ ਡਿਜੀਟਲ ਇੰਟਰਫੇਸ ਨਾਲ ਕੰਮ ਕਰਨਗੇ, ਜੋ ਇਕਸਾਰਤਾ ਅਤੇ ਯੋਜਨਾਬੱਧ ਢੰਗ ਨਾਲ ਰਿਕਾਰਡ ਰੱਖਣ ਨੂੰ ਯਕੀਨੀ ਬਣਾਉਂਦਾ ਹੈ।”

ਉਨ੍ਹਾਂ ਕਿਹਾ ਕਿ ਬੋਰਡ ਨੇ ਮਾਰਚ 2026 ਵਿੱਚ ਆਨ-ਸਕਰੀਨ ਮਾਰਕਿੰਗ ਸਿਸਟਮ ਦੀ ਸ਼ੁਰੂਆਤ ਸਬੰਧੀ ਸਾਰੀਆਂ ਤਕਨੀਕੀ ਅਤੇ ਪ੍ਰਬੰਧਕੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜੋ ਪੰਜਾਬ ਸਰਕਾਰ ਦੀ ਆਪਣੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।

Leave a Reply

Your email address will not be published. Required fields are marked *