ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਅੱਜ ਫਾਜ਼ਿਲਕਾ ਜਿਲੇ ਦੇ ਦੌਰੇ ਦੌਰਾਨ ਕੌਮਾਂਤਰੀ ਸਰਹੱਦ ਤੇ ਕੰਡਿਆਲੀ ਤਾਰ ਦੇ ਪਾਰ ਵਸੇ ਪਿੰਡ ਮੁਹਾਰ ਜਮਸ਼ੇਰ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਸ਼ੇਸ਼ ਤੌਰ ਤੇ ਪਿੰਡ ਦੀਆਂ ਮਹਿਲਾਵਾਂ ਦੀਆਂ ਮੁਸ਼ਕਲਾਂ ਸੁਣੀਆਂ । ਉਨਾਂ ਦੇ ਨਾਲ ਇਸ ਮੌਕੇ ਹਲਕਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨਾਂ ਦੇ ਧਰਮ ਪਤਨੀ ਖੁਸ਼ਬੂ ਸਾਵਣ ਸੁੱਖਾ ਸਵਨਾ ਵੀ ਹਾਜ਼ਰ ਸਨ।
ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਕਿਹਾ ਕਿ ਔਰਤਾਂ ਦੀ ਆਰਥਿਕ ਤਰੱਕੀ ਬਹੁਤ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਆਤਮ ਨਿਰਭਰ ਬਣਾਉਣ ਲਈ ਵੀ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਘਰ ਪਰਿਵਾਰ ਦੇ ਕੰਮ ਦੇ ਨਾਲ ਨਾਲ ਕੁਝ ਹੋਰ ਛੋਟੇ ਕੰਮ ਜੋ ਉਹ ਘਰ ਰਹਿ ਕੇ ਹੀ ਕਰ ਸਕਦੀਆਂ ਹਨ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ ਤਾਂ ਜੋ ਪਰਿਵਾਰ ਦੀ ਆਮਦਨ ਵੀ ਵਧ ਸਕੇ ਅਤੇ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।

ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਔਰਤਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਵੱਲੋਂ ਵੀ ਵਿਆਪਕ ਪੱਧਰ ਤੇ ਉਪਰਾਲੇ ਕੀਤੇ ਜਾਂਦੇ ਹਨ।
ਉਹਨਾਂ ਦੇ ਧਰਮ ਪਤਨੀ ਖੁਸ਼ਬੂ ਸਵਨਾ ਨੇ ਦੱਸਿਆ ਕਿ ਉਹਨਾਂ ਵੱਲੋਂ ਚਲਾਏ ਜਾ ਰਹੀ ਖੁਸ਼ੀ ਫਾਊਂਡੇਸ਼ਨ ਵੱਲੋਂ ਵੀ ਮਹਿਲਾਵਾਂ ਦੀ ਸਿੱਖਿਆ ਅਤੇ ਉਨਾਂ ਨੂੰ ਰੋਜ਼ਗਾਰ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਪਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।