ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਕੱਪੜਾ ਵਪਾਰੀ ਦੇ ਕਤਲ ‘ਚ ਸ਼ਾਮਲ ਦੋ ਦੋਸ਼ੀ ਗ੍ਰਿਫਤਾਰ

ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਆਈਪੀਐਸ ਨੇ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਹੈ ਕਿ ਅਬੋਹਰ ਵਿਖੇ ਬੀਤੇ ਦਿਨ ਕਪੜਾ ਵਪਾਰੀ ਸੰਜੈ ਵਰਮਾ ਦੇ ਕਤਲ ਕੇਸ ਵਿਚ ਸ਼ਾਮਿਲ ਦੋ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਪੜਤਾਲ ਤੇਜੀ ਨਾਲ ਅੱਗੇ ਵੱਧ ਰਹੀ ਹੈ ਅਤੇ ਜਲਦ ਹੀ ਸਾਰੇ ਦੋਸ਼ੀ ਪੁਲਿਸ ਗ੍ਰਿਫ਼ਤ ਵਿਚ ਹੋਣਗੇ।

ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਕੇਸ ਵਿਚ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੇ ਵੱਖ ਵੱਖ ਵਿੰਗ ਕੰਮ ਕਰ ਰਹੇ ਹਨ ਅਤੇ ਵੱਖ ਵੱਖ ਟੀਮਾਂ ਗਹਿਣ ਜਾਂਚ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਾਂਚ ਸਹੀ ਦਿਸ਼ਾ ਵਿਚ ਜਾ ਰਹੀ ਹੈ ਅਤੇ ਹੁਣ ਤੱਕ ਪੁਲਿਸ ਨੇ ਦੋ ਦੋਸ਼ੀਆਂ ਕ੍ਰਮਵਾਰ ਰਾਮ ਰਤਨ ਪੁੱਤਰ ਰਮੇਸ਼ ਕੁਮਾਰ ਅਤੇ ਜਸਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਪੁਲਿਸ ਹਰੇਕ ਪਹਿਲੂ ਤੋਂ ਜਾਂਚ ਕਰ ਰਹੀ ਹੈ ਪਰ ਨਾਲ ਹੀ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪਹਿਲਾਂ ਤੋਂ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਧਮਕੀ ਦੀ ਸੂਚਨਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਤਕਨੀਕੀ ਅਤੇ ਮਨੁੱਖੀ ਸ਼੍ਰੋਤਾਂ ਤੇ ਅਧਾਰ ਤੇ ਤੇਜੀ ਨਾਲ ਜਾਂਚ ਨੂੰ ਅੱਗੇ ਵਧਾ ਰਹੀ ਹੈ।

ਉਨ੍ਹਾਂ ਨੇ ਹੋਰ ਵੇਰਵੇ ਜਲਦ ਸਾਂਝੇ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਇਕ ਪੇਸ਼ੇਵਰ ਪੁਲਿਸ ਫੋਰਸ ਹੈ ਅਤੇ ਇਸ ਕੇਸ ਦੇ ਬਾਕੀ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ, ਡੀਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਣ, ਐਸਐਸਪੀ ਗੁਰਮੀਤ ਸਿੰਘ ਵੀ ਉਨ੍ਹਾਂ ਦੇ ਨਾਲ ਹਾਜਰ ਸਨ। 

Leave a Reply

Your email address will not be published. Required fields are marked *