ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਫੈਸਲਾਕੁੰਨ ਕਦਮ ਚੁੱਕਦਿਆਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਆਈ.ਸੀ.ਯੂ., ਆਪ੍ਰੇਸ਼ਨ ਥੀਏਟਰ (ਓ.ਟੀ.) ਅਤੇ ਐਮਰਜੈਂਸੀ ਵਾਰਡਾਂ ਸਮੇਤ ਸਾਰੀਆਂ ਮਹੱਤਵਪੂਰਨ ਦੇਖਭਾਲ ਇਕਾਈਆਂ ਵਿੱਚ ਨਿਰਵਿਘਨ ਆਕਸੀਜਨ ਸਪਲਾਈ ਅਤੇ ਬਿਜਲੀ ਬੈਕਅੱਪ ਨੂੰ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।

ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਡਾ. ਬਲਬੀਰ ਸਿੰਘ ਨੇ ਜੀਵਨ ਰੱਖਿਅਕ ਡਾਕਟਰੀ ਸੇਵਾਵਾਂ ਵਿੱਚ ਕਿਸੇ ਵੀ ਰੁਕਾਵਟ ਨੂੰ ਰੋਕਣ ਲਈ ਦਿਨ-ਰਾਤ ਆਕਸੀਜਨ ਦੀ ਉਪਲਬਧਤਾ, ਕਾਰਜਸ਼ੀਲ ਯੂਪੀਐਸ ਪ੍ਰਣਾਲੀਆਂ ਅਤੇ ਮੁਕੰਮਲ ਤੌਰ ‘ਤੇ ਕਾਰਜਸ਼ੀਲ ਜਨਰੇਟਰ ਸੈੱਟਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਸਿਹਤ ਮੰਤਰੀ ਨੇ ਦਵਾਈਆਂ ਦੀ ਸਪਲਾਈ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਸਿਵਲ ਸਰਜਨਾਂ ਨੂੰ ਸਾਰੀਆਂ 368 ਕਿਸਮਾਂ ਦੀਆਂ ਜ਼ਰੂਰੀ ਦਵਾਈਆਂ ਦਾ ਘੱਟੋ-ਘੱਟ ਇੱਕ ਮਹੀਨੇ ਦਾ ਬਫਰ ਸਟਾਕ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਜ਼ਰੂਰੀ ਦਵਾਈਆਂ ਦੀ ਕਿਸੇ ਵੀ ਕਮੀ ਵਿਰੁੱਧ ਚੇਤਾਵਨੀ ਦਿੱਤੀ। ਉਨ੍ਹਾਂ ਐਲਾਨ ਕੀਤਾ, “ਕਿਸੇ ਵੀ ਮਰੀਜ਼ ਲਈ ਹਸਪਤਾਲ ਤੋਂ ਬਾਹਰੋਂ ਕੋਈ ਦਵਾਈ ਨਹੀਂ ਲਿਖੀ ਜਾਣੀ ਚਾਹੀਦੀ।” ਉਨ੍ਹਾਂ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਮੁਫ਼ਤ ਅਤੇ ਪਹੁੰਚਯੋਗ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਸੀਨੀਅਰ ਮੈਡੀਕਲ ਅਫ਼ਸਰਾਂ (ਐਸਐਮਓਜ਼) ਨੂੰ ਆਪਣੀ ਜ਼ਰੂਰਤ ਅਨੁਸਾਰ ਕੋਈ ਵੀ ਗੈਰ-ਜ਼ਰੂਰੀ ਦਵਾਈ ਖਰੀਦਣ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਲਣਾ ਨਾ ਕਰਨ ਵਾਲੇ ਮੈਡੀਕਲ ਅਫ਼ਸਰ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਵਾਈ ਵੰਡ ਪ੍ਰਣਾਲੀ ਅਤੇ ਸਮੁੱਚੇ ਮਰੀਜ਼ਾਂ ਦੇ ਤਜ਼ਰਬੇ ਵਿੱਚ ਵਾਧਾ ਕਰਨ ਲਈ, ਸਿਵਲ ਸਰਜਨਾਂ ਅਤੇ ਐਸਐਮਓਜ਼ ਨੂੰ ਰੋਜ਼ਾਨਾ ਓਪੀਡੀ ਦਾ ਦੌਰਾ ਕਰਨ ਅਤੇ ਮਰੀਜ਼ਾਂ ਦੀ ਫੀਡਬੈਕ ਲੈਣ ਦੇ ਨਿਰਦੇਸ਼ ਵੀ ਦਿੱਤੇ ਗਏ।

ਮਰੀਜ਼ਾਂ ਦੀ ਸੰਤੁਸ਼ਟੀ ਵਿੱਚ ਹੋਰ ਵਾਧਾ ਕਰਨ ਲਈ, ਡਾ. ਬਲਬੀਰ ਸਿੰਘ ਨੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਰਜਿਸਟ੍ਰੇਸ਼ਨ ਦੇ ਇੱਕ ਘੰਟੇ ਦੇ ਅੰਦਰ-ਅੰਦਰ ਆਊਟਪੇਸ਼ੈਂਟ ਵਿਭਾਗ (ਓਪੀਡੀ) ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।