ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼ਹੀਦੀ ਸਭਾ ਦੇ ਦੂਜੇ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਫ਼ਤਹਿਗੜ੍ਹ ਸਾਹਿਬ, 26 ਦਸੰਬਰ:

ਸ਼ਹੀਦੀ ਸਭਾ ਦੇ ਦੂਜੇ ਦਿਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅੱਜ ਇੱਥੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਸਮੇਤ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਰਾਜਪਾਲ ਸ੍ਰੀ ਕਟਾਰੀਆ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਗਏ ਸਰਬੰਸ ਦਾਨ ਵਰਗੀ ਕੁਲ ਦੁਨੀਆਂ ਵਿੱਚ ਕੋਈ ਦੂਜੀ ਉਦਾਹਰਨ ਨਹੀਂ ਮਿਲਦੀ।


ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਲਾਸਾਨੀ ਬਲੀਦਾਨ ਤੇ ਅਸਧਾਰਨ ਬਲੀਦਾਨ ਨੂੰ ਅੱਜ ਪੂਰੇ ਦੇਸ਼ ਵਿੱਚ ਨਿਮਰਤਾ ਨਾਲ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਧਰਤੀ ਉਪਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਨੀਂਹਾਂ ਵਿੱਚ ਜਿਉਂਦੇ ਚਿਣ ਦਿੱਤਾ ਗਿਆ, ਅੱਜ ਸਾਰੀ ਦੁਨੀਆਂ ਫ਼ਤਹਿਗੜ੍ਹ ਸਾਹਿਬ ਦੀ ਉਸ ਪਵਿੱਤਰ ਧਰਤੀ ‘ਤੇ ਸੀਸ ਨਿਵਾਉਂਦੀ ਹੈ ਅਤੇ ਸੇਵਾ, ਨਿਆਂ ਅਤੇ ਸੱਚ ਨੂੰ ਜੀਵਨ ਸਮਰਪਿਤ ਕਰਨ, ਜੁਲਮ ਦੇ ਵਿਰੁੱਧ ਡੱਟਣ ਅਤੇ ਅਸਾਧਾਰਣ ਆਤਮਿਕ ਬਲ ਨਾਲ ਸੰਘਰਸ਼ ਕਰਨ ਅਤੇ ਲੋੜ ਪੈਣ ‘ਤੇ ਦੇਸ਼ ਅਤੇ ਧਰਮ ਤੋਂ ਕੁਰਬਾਨ ਹੋਣ ਦਾ ਅਸ਼ੀਰਵਾਦ ਮੰਗਦੀ ਹੈ।
ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜਿੱਥੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350 ਸਾਲਾ ਮਨਾਇਆ ਗਿਆ ਹੈ ਉਥੇ ਹੀ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਦੀ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਉਤੇ ਮੁਗ਼ਲ ਹਕੂਮਤ ਦਾ ਟਾਕਰਾ ਕਰਦਿਆਂ ਅਸਾਵੀਂ ਜੰਗ ਵਿੱਚ ਹੋਈ ਸ਼ਹਾਦਤ ਨੂੰ ਵੀ ਯਾਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਸੀਂ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਵੀ ਨਤਮਸਤਕ ਹੋ ਰਹੇ ਹਾਂ।


ਰਾਜਪਾਲ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੇ 9 ਸਾਲ ਤੇ 7 ਸਾਲ ਦੀ ਉਮਰ ਵਿੱਚ ਬਹਾਦਰੀ ਤੇ ਨਿਰਭੈਅਤਾ ਨਾਲ ਜ਼ਾਲਮ ਮੁਗਲ ਹਕੁਮਤ ਦਾ ਟਾਕਰਾ ਕਰਦਿਆਂ ਨਿਡਰਤਾ ਤੇ ਦ੍ਰਿੜ੍ਹਤਾ ਨਾਲ ਧਰਮ ‘ਤੇ ਅਡੋਲ ਰਹਿ ਕੇ ਮਹਾਨ ਸ਼ਹਾਦਤ ਦਿੰਦਿਆਂ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ।
ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ ‘ਤੇ ਸੀਸ ਨਿਵਾਉਣ ਦਾ ਮੌਕਾ ਮਿਲਿਆ ਹੈ, ਜਿੱਥੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਸੰਸਾਰ ਨੂੰ ਧਰਮ, ਸਚਾਈ ਅਤੇ ਨੇਕੀ ਨੂੰ ਹਰ ਤਰ੍ਹਾਂ ਦੀ ਸੰਸਾਰੀ ਲਾਲਸਾ ਤੋਂ ਉਪਰ ਰੱਖਣ ਦਾ ਅਟੱਲ ਆਤਮਿਕ ਸੰਦੇਸ਼ ਦਿੱਤਾ। ਉਨ੍ਹਾਂ ਹੋਰ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਇਸ ਅਦੁਤੀ ਤੇ ਮਹਾਨ ਸ਼ਹਾਦਤ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *