ਮਾਨਯੋਗ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਕੱਢੀ ਜਾ ਰਹੀ 4 ਰੋਜ਼ਾ ਨਸ਼ਾ ਮੁਕਤ ਪੈਦਲ ਯਾਤਰਾ ਦੀ ਸਮਾਪਤੀ ਅਬੋਹਰ ਦੇ ਡੀ.ਏ.ਵੀ ਕਾਲਜ ਵਿਖ਼ੇ ਹੋਈ। ਅੱਜ ਦੇ ਇਸ ਆਖ਼ਰੀ ਦਿਨ ਨਸ਼ਿਆਂ ਵਿਰੁੱਧ ਰੇਲਵੇ ਸਟੇਸ਼ਨ ਅਬੋਹਰ ਤੋਂ ਡੀਏਵੀ ਕਾਲਜ ਅਬੋਹਰ ਤੱਕ ਪੈਦਲ ਯਾਤਰਾ ਕੱਢੀ ਗਈ! ਇਸ ਪੈਦਲ ਯਾਤਰਾ ਵਿੱਚ ਕਈ ਯੂਨਵਰਸਿਟੀਆਂ ਦੇ ਉਪਕੁਲਪਤੀ, ਸਕੂਲਾਂ ਅਤੇ ਕਾਲਜਾਂ ਦੇ ਮੁਖੀ, ਐਨ.ਜੀ.ਓਜ਼, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦਿਆਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲਿਆ।

ਇਸ ਮੌਕੇ ਮਾਨਯੋਗ ਗਵਰਨਰ ਪੰਜਾਬ ਨੇ ਆਪਨੇ ਸੰਬੋਧਨ ਵਿੱਚ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨਾ ਕੇਵਲ ਸਰਕਾਰ ਦੀ ਹੀ ਨਹੀਂ ਸਗੋਂ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਬਣਦੀ ਹੈ ਤਾਂ ਹੀ ਪੰਜਾਬ ਮੁੜ ਤੋਂ ਪਹਿਲਾਂ ਵਰਗਾ ਰੰਗਲਾ ਪੰਜਾਬ ਬਣ ਸਕੇ। ਉਨ੍ਹਾਂ ਕਿਹਾ ਕਿ ਇਸ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਕੋਸ਼ਿਸ਼ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਬਲੀਦਾਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਾਡੀ ਬਹਾਦਰ ਫੌਜ ਦੇ ਦੇਸ਼ ਦੇ ਜਵਾਨਾਂ ਨੇ ਸਾਡੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਤੇ ਅਸੀਂ ਇਸ ਛੋਟੀ ਜਿਹੀ ਨਸ਼ਿਆਂ ਦੀ ਅਲਾਮਤ ਨੂੰ ਖਤਮ ਵਿੱਚ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਸਾਡਾ ਧਾਰਮਿਕ ਅਤੇ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਬਿਮਾਰੀ ਨੂੰ ਜੜੋਂ ਮਿਟਾਈਏ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਸਫਲ ਬਣਾਉਣ ਲਈ ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ, ਸਮੂਹ ਰਾਜਨੀਤਿਕ ਪਾਰਟੀਆਂ, ਪੰਚਾਇਤਾਂ ਅਤੇ ਆਮ ਲੋਕਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਪਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਸਾਡਾ ਗੁਆਂਢੀ ਦੁਸ਼ਮਣ ਦੇਸ਼ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸਰਕਾਰ ਵੱਲੋਂ ਐਂਟੀ-ਡਰੋਨ ਸਿਸਟਮ ਸਮੇਤ ਕਈ ਕੜੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਸ ਸਾਜ਼ਿਸ਼ ਨੂੰ ਨਾਕਾਮ ਬਣਾਇਆ ਜਾ ਸਕੇ।

ਅੰਤ ਵਿੱਚ ਮਾਨਯੋਗ ਰਾਜਪਾਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਲੜਾਈ ਸਾਂਝੇ ਤੌਰ ’ਤੇ ਹੀ ਜਿੱਤੀ ਜਾ ਸਕਦੀ ਹੈ ਅਤੇ ਸਮੂਹ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਇਸ ਮਿਸ਼ਨ ਵਿੱਚ ਜਲਦੀ ਸਫਲਤਾ ਮਿਲੇਗੀ। ਇਸ ਤੋਂ ਬਾਅਦ ਉਹਨਾਂ ਡੀਏਵੀ ਕਾਲਜ ਦੇ ਆਡੀਟੋਰੀਅਮ ਵਿਖੇ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਕਰਨ ਲਈ ਪੜ੍ਹਾਈ ਨੂੰ ਪਹਿਲ ਦੇਣ ਅਤੇ ਨਸ਼ਿਆਂ ਦੇ ਖਾਤਮੇ ਲਈ ਸਾਰਿਆਂ ਦੇ ਸਾਂਝੇ ਸਹਿਯੋਗ ਦੀ ਗੱਲ ਕਹੀ!

