ਪੰਜਾਬ ਸਰਕਾਰ ਅਗਲੀ ਫਸਲ ਪੱਕ ਕੇ ਮੰਡੀ ਵਿੱਚ ਆਉਣ ਤੱਕ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜੀ ਹੈ –ਡਾ ਬਲਬੀਰ ਸਿੰਘ -ਪਿੰਡ ਝੰਗੜ ਭੈਣੀ ਵਿੱਚ ਡੀਐਮਸੀ ਦੇ ਸਹਿਯੋਗ ਨਾਲ ਲਗਾਏ ਕੈਂਪ ਵਿੱਚ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ

ਫਾਜ਼ਿਲਕਾ 19 ਸਤੰਬਰ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ  ਬਲਬੀਰ ਸਿੰਘ ਨੇ ਅੱਜ ਕੌਮਾਂਤਰੀ ਸਰਹੱਦ ਦੇ ਨੇੜੇ ਵਸੇ ਪਿੰਡ ਝੰਗੜ ਭੈਣੀ ਵਿੱਚ ਡੀਐਮਸੀ ਲੁਧਿਆਣਾ ਦੇ ਸਹਿਯੋਗ ਨਾਲ ਲਗਾਏ ਇੱਕ ਵਿਸੈਸ਼ ਮੈਡੀਕਲ ਕੈਂਪ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਗਲੀ ਫਸਲ ਬਿਜਾਈ ਤੋਂ ਬਾਅਦ ਫਸਲ ਪੱਕ ਕੇ ਮੰਡੀ ਵਿੱਚ ਆਉਣ ਤੱਕ ਹੜ ਪ੍ਰਭਾਵਿਤ ਲੋਕਾਂ ਦੀ ਹਰ ਮਦਦ ਕਰੇਗੀ।
 ਉਹਨਾਂ ਨੇ ਇਸ ਮੌਕੇ ਕਿਹਾ ਕਿ ਵਿਭਾਗ ਵੱਲੋਂ ਜਿੱਥੇ ਬਿਮਾਰੀਆਂ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਸਿਹਤ ਮਾਹਿਰਾਂ ਨੂੰ ਵੀ ਇਹਨਾਂ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇ ਕੈਂਪ ਵਿੱਚ ਡੀਐਮਸੀ ਦੇ ਮਾਹਿਰਾਂ ਦੀ ਟੀਮ ਇੱਥੇ ਪਹੁੰਚੀ ਹੈ। ਉਹਨਾਂ ਨੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਵਿੱਚ ਮੱਛਰਾਂ ਦੇ ਫੈਲਾਅ ਨੂੰ ਰੋਕਣ ਲਈ ਲਗਾਤਾਰ ਫੋਗਿੰਗ ਕਰਵਾਈ ਜਾ ਰਹੀ ਹੈ ਪੀਣ ਵਾਲਾ ਸਾਫ ਪਾਣੀ ਪਹੁੰਚੇ ਇਸ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ । ਵਿਭਾਗ ਕੋਲ ਦਵਾਈਆਂ ਜਰੂਰਤ ਅਨੁਸਾਰ ਉਪਲਬਧ ਹਨ। ਜ਼ਿਲ੍ਹੇ ਵਿਚ ਨਵੀਂਆਂ ਫੌਗਿੰਗ ਮਸ਼ੀਨਾਂ ਵੀ ਭੇਜੀਆਂ ਗਈਆਂ ਹਨ।
 ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੈਡੀਕਲ ਸਬੰਧੀ ਜਾਣਕਾਰੀ ਲੈਣ ਲਈ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਕਾਲ ਕੀਤਾ ਜਾ ਸਕਦਾ ਹੈ। ਇਸ ਮੌਕੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਜੀਵਨ ਵਿੱਚ ਔਖੇ ਸੌਖੇ ਸਮੇਂ ਆਉਂਦੇ ਰਹਿੰਦੇ ਹਨ ਅਤੇ ਅਜਿਹੇ ਸਮੇਂ ਮਾਨਸਿਕ ਤੌਰ ਤੇ ਕਮਜੋਰ ਹੋ ਕੇ ਕੋਈ ਗਲਤ ਕਦਮ ਨਹੀਂ ਚੁੱਕਣਾ ਸਗੋਂ ਜੇਕਰ ਕੋਈ ਮੁਸ਼ਕਿਲ ਹੈ ਤਾਂ ਸਰਕਾਰ ਨੂੰ ਦੱਸੋ, ਅਸੀਂ ਹਰ ਸੰਭਵ ਸਹਾਇਤਾ ਕਰਾਂਗੇ । ਉਹਨਾਂ ਨੇ ਇਸ ਮੌਕੇ ਪਿੰਡ ਵਿੱਚ ਆਮ ਆਦਮੀ ਕਲੀਨਿਕ ਖੋਲਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੌਰਾਨ ਹੜ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਮੁਹਈਆ ਕਰਵਾਈ ਗਈ ਹੈ ਅਤੇ ਅੱਗੇ ਵੀ ਇਹ ਮਦਦ ਇਸੇ ਤਰ੍ਹਾਂ ਜਾਰੀ ਰਹੇਗੀ ।ਉਹਨਾਂ ਨੇ ਕਿਹਾ ਕਿ ਕੱਚੀਆਂ ਜਮੀਨਾਂ ਵਾਲੇ ਕਿਸਾਨਾਂ ਨੂੰ ਵੀ ਮੁਆਵਜ਼ਾ ਮਿਲੇਗਾ ਅਤੇ ਗਰਦਾਵਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਨੇ ਕੈਂਪ ਲਈ ਪੁੱਜੀ ਡੀਐਮਸੀ ਦੀ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ। ਇਸ ਕੈਂਪ ਵਿਚ ਆਸਪਾਸ ਦੇ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੇ ਲਾਭ ਲਿਆ।
ਇਸ ਮੌਕੇ ਬੱਲੂਆਣਾ ਦੇ ਵਿਧਾਇਕ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਬੋਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੇ ਵੀ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਪੰਜਾਬ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਆਈ ਆਪਦਾ ਸਮੇਂ ਹਾਜ਼ਰ ਹੁੰਦਾ ਹੈ ਅਤੇ ਅੱਜ ਪੂਰਾ ਦੇਸ਼ ਪੰਜਾਬ ਦੇ ਨਾਲ ਖੜਾ ਹੈ। ਉਹਨਾਂ ਨੇ ਪੰਜਾਬੀਆਂ ਦੇ ਇਸ ਜਜ਼ਬੇ ਨੂੰ ਸਲਾਮ ਕੀਤੀ ਅਤੇ ਅਰਦਾਸ ਕੀਤੀ ਕਿ ਜਲਦੀ ਹੀ ਪੰਜਾਬ ਮੁੜ ਆਪਣੇ ਪੁਰਾਣੀ ਲੈਅ ਨੂੰ ਬਰਕਰਾਰ ਕਰ ਲਵੇਗਾ।
ਇਸ ਮੌਕੇ ਸਿਵਲ ਸਰਜਨ ਡਾ: ਰਾਜ ਕੁਮਾਰ, ਸਹਾਇਕ ਸਿਵਲ ਸਰਜਨ ਡਾ: ਰੋਹਿਤ ਗੋਇਲ, ਐਸਐਮਓ ਡਾ: ਅਰਪਿਤ ਗੁਪਤਾ, ਡਾ: ਨਿਸ਼ਾਂਤ ਸੇਤੀਆ ਵੀ ਹਾਜਰ ਸਨ। ਕੈਂਪ ਵਿਚ ਡੀਐਮਸੀ ਲੁਧਿਆਣਾ ਤੋਂ ਡਾ: ਵਿਪਨ ਕੁਮਾਰ, ਡਾ: ਜਸਨੀਤ ਕੌਰ, ਡਾ: ਸਟਿਫਨ, ਡਾ: ਬਰਿੰਦਰ ਸਾਗਰ, ਡਾ: ਰੁਪੇਸ਼ ਕੁਮਾਰ ਅਤੇ ਸਿਹਤ ਵਿਭਾਗ ਤੋਂ ਡਾ: ਅਭਿਨਵ, ਡਾ ਆਸ਼ੀਮਾ, ਡਾ: ਗੁਰਮੀਤ, ਡਾ: ਅਨੁਜ ਕੁਮਾਰ, ਡਾ: ਪ੍ਰਦੁਮਨ ਸਿੰਘ ਡਾ ਮਨੀਸ਼ ਕੁਮਾਰ ਨੇ ਸੇਵਾ ਨਿਭਾਈ।

Leave a Reply

Your email address will not be published. Required fields are marked *