ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਿੱਚ ਕੂੜੇ ਦੇ ਨਿਪਟਾਰੇ ਲਈ ਡੰਪਿੰਗ ਗਰਾਊਂਡ ਅਤੇ ਪ੍ਰੋਸੈਸਿੰਗ ਯੂਨਿਟ ਦੇ ਨਾ ਹੋਣ ‘ਤੇ ਚਿੰਤਾ ਜ਼ਾਹਿਰ ਕਰਦਿਆਂ ਸਰਕਾਰ ‘ਤੇ ਸਵਾਲ ਚੁੱਕੇ ਅਤੇ ਸਰਕਾਰ ਨੂੰ ਨਵੇਂ ਡੰਪਿੰਗ ਗਰਾਊਂਡ ਅਤੇ ਪ੍ਰੋਸੈਸਿੰਗ ਪਲਾਂਟ ਲਈ ਵੱਡੇ ਸਾਈਜ਼ ਦਾ ਪਲਾਟ ਅਲਾਟ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ।
ਇੱਥੇ ਜਾਰੀ ਇੱਕ ਬਿਆਨ ਵਿੱਚ ਸਿੱਧੂ ਨੇ ਕਿਹਾ, “ਅੱਜ ਸਿਰਫ਼ ਮੋਹਾਲੀ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ‘ਚ ਵੀ ਕੂੜੇ ਦੀ ਸਮੱਸਿਆ ਵਧਦੀ ਨਜ਼ਰ ਆ ਰਹੀ ਹੈ, ਡੰਪਿੰਗ ਗਰਾਊਂਡ ਲਈ ਪੱਕਾ ਸਥਾਨ ਅਤੇ ਪ੍ਰੋਸੈਸਿੰਗ ਪਲਾਂਟ ਨਾ ਹੋਣ ਕਾਰਨ ਮੋਹਾਲੀ ਦੇ ਵਸਨੀਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦਾ ਮੌਸਮ ਹੋਣ ਕਾਰਨ ਕੂੜੇ ਵਿੱਚ ਮੱਛਰ ਪੈਦਾ ਹੋਣ ਦਾ ਡਰ ਹੁੰਦਾ ਹੈ ਜਿਸ ਕਾਰਨ ਸ਼ਹਿਰ ਵਿੱਚ ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ।”
ਸਿੱਧੂ ਨੇ ਕਿਹਾ, ” ਮੋਹਾਲੀ ਸ਼ਹਿਰ ਦੇ ਫੇਜ਼-5 ਵਿਖੇ ਬਣੇ ਆਰਐਮਸੀ ਪਾਇੰਟ ਅਤੇ ਫੇਜ਼-11 ਨੇੜੇ ਰੇਲਵੇ ਲਾਈਨ ਕੋਲ ਸਥਿਤ ਗਾਰਬੈਜ ਪ੍ਰੋਸੈਸਿੰਗ ਪਲਾਂਟਾਂ ਤੋਂ ਪੈਦਾ ਹੋ ਰਹੀ ਬਦਬੂ ਅਤੇ ਹੋਰ ਸਮੱਸਿਆਵਾਂ ਕਾਰਨ ਸਥਾਨਕ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਇਹ ਗੱਲ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਏਨਾਂ ਦੋਵੇਂ ਪਲਾਂਟਾਂ ਨੂੰ ਤੁਰੰਤ ਕਿਸੇ ਹੋਰ ਥਾਂ ‘ਤੇ ਸ਼ਿਫਟ ਕਰਨਾ ਚਾਹੀਦਾ ਹੈ, ਜਾ ਇਸਦੇ ਲਈ ਮੋਹਾਲੀ ਦੇ ਇੰਡਸਟਰੀਅਲ ਏਰੀਆ ਵਿੱਚ ਵੱਡੇ ਏਰੀਆ ਦੀ ਜ਼ਮੀਨ ਲੈਕੇ ਉਥੇ ਇੱਕ ਪ੍ਰੋਸੈਸਿੰਗ ਯੂਨਿਟ ਬਣਾਉਣਾ ਚਾਹੀਦਾ ਹੈ, ਜੋਕਿ ਨਾਲ ਦੀ ਨਾਲ ਕੂੜੇ ਨੂੰ ਪ੍ਰੋਸੈਸ ਕਰਕੇ ਖਾਦ ਅਤੇ ਹੋਰ ਚੀਜ਼ਾਂ ਬਣਾ ਸਕੇ।”

ਸਿੱਧੂ ਨੇ ਗਮਾਡਾ ਅਤੇ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ, “ਅੱਜ ਗਮਾਡਾ ਜ਼ਮੀਨਾਂ ਐਕੁਆਇਰ ਕਰਕੇ ਮੋਹਾਲੀ ਸ਼ਹਿਰ ਦੀ ਹੋਂਦ ਨੂੰ ਤਾਂ ਵਧਾਈ ਜਾ ਰਿਹਾ ਹੈ, ਲੇਕਿਨ ਕੂੜਾ ਸੰਭਾਲ ਦੇ ਸਭ ਤੋਂ ਅਹਿਮ ਕੰਮ ਤੋਂ ਹਾਲੇ ਵੀ ਪਿੱਛੇ ਹੀ ਹੈ। ਗਮਾਡਾ ਕੂੜੇ ਦੇ ਪ੍ਰਬੰਧ ਨੂੰ ਲੈ ਕੇ ਫੇਲ ਹੁੰਦਾ ਵਿਖਾਈ ਦੇ ਰਿਹਾ ਹੈ। ਜੇਕਰ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਓਥੇ ਕੂੜੇ ਦੀ 100 ਫ਼ੀਸਦੀ ਪ੍ਰੋਸੈਸਿੰਗ ਹੋ ਰਹੀ ਹੈ, ਪਰ ਮੋਹਾਲੀ ਵਰਗਾ ਸ਼ਹਿਰ, ਜੋਕਿ ਆਪਣੇ ਆਪ ਵਿੱਚ ਪੰਜਾਬ ਦਾ ਇਕ ਬਹੁਤ ਮਹੱਤਵਪੂਰਨ ਸ਼ਹਿਰ ਹੈ, ਓਥੇ ਵੀ ਪ੍ਰੋਸੈਸਿੰਗ ਪਲਾਂਟ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।”
ਪਲਾਸਟਿਕ ਬੈਨ ਦੀ ਵੀ ਮੰਗ ਰੱਖਦਿਆਂ ਸਿੱਧੂ ਨੇ ਕਿਹਾ, “ਅੱਜ ਕੂੜੇ ਦੀ ਬਿਮਾਰੀ ਤੋਂ ਲੜਨ ਲਈ ਪਲਾਸਟਿਕ ਤੇ ਪੂਰੀ ਤਰ੍ਹਾਂ ਨਾਲ ਬੈਨ ਲਗਾਉਣਾ ਵੀ ਅਤਿ ਜ਼ਰੂਰੀ ਹੋ ਚੁੱਕਿਆ ਹੈ। ਆਪ ਸਰਕਾਰ ਨੂੰ ਲੋੜ ਹੈ ਕਿ ਪਲਾਸਟਿਕ ਬੈਨ ਨੂੰ ਸਖਤੀ ਨਾਲ ਲਾਗੂ ਕਰਾਉਣ ਲਈ, ਜਿਹੜੀ ਫੈਕਟਰੀਆਂ ਇਸਨੂੰ ਗੈਰ ਕਾਨੂੰਨੀ ਤਰੀਕੇ ਨਾਲ ਬਣਾ ਰਹੀਆਂ ਹਨ, ਉਨ੍ਹਾਂ ਤੇ ਸਖ਼ਤ ਕਾਰਵਾਈ ਕਰਨ, ਤਾਂ ਜੋ ਪਲਾਸਟਿਕ ਦੀ ਵਰਤੋਂ ਨੂੰ ਬਿਲਕੁਲ ਖ਼ਤਮ ਕੀਤਾ ਜਾ ਸਕੇ।”
ਸਿੱਧੂ ਨੇ ਜ਼ੋਰ ਦਿੰਦਿਆਂ ਕਿਹਾ, “ਨਗਰ ਨਿਗਮ ਵੱਲੋਂ ਵੀ ਫੇਜ਼ 5 ਅਤੇ ਫੇਜ਼ 11 ਵਿੱਚ ਹੋ ਰਹੀ ਗਾਰਬੇਜ ਡੰਪਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੇ ਹਾਲੇ ਤੱਕ ਇਸ ਨੂੰ ਲੈ ਕੇ ਕੋਈ ਇੰਤਜ਼ਾਮ ਨਹੀਂ ਕੀਤਾ।”
ਸਿੱਧੂ ਨੇ ਆਪ ਸਰਕਾਰ ਤੋਂ ਮੰਗ ਕੀਤੀ ਕਿ ਮੋਹਾਲੀ ਦੇ ਇੰਡਸਟਰੀਅਲ ਏਰੀਆ ਵਿੱਚ ਜਾਂ ਫ਼ੇਰ ਉਸ ਨੇ ਦੇ ਲਾਗੇ ਜਲਦ ਤੋਂ ਜਲਦ ਪ੍ਰੋਸੈਸਿੰਗ ਯੂਨਿਟ ਬਣਾਇਆ ਜਾਵੇ ਅਤੇ ਇਸ ਕੰਮ ਲਈ ਜ਼ਰੂਰੀ ਫੰਡ ਅਲਾਟ ਕੀਤੇ ਜਾਣ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ‘ਤੇ ਤੁਰੰਤ ਵਿਚਾਰ ਕਰਕੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਵੇ ਅਤੇ ਯੂਨਿਟ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਵੇ।