
*ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕਾ ਬਸੀ ਪਠਾਣਾ ਦੇ 04 ਸਕੂਲਾਂ ਵਿੱਚ 41.64 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ: ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਉੱਚਾ ਚੁੱਕਣ ਲਈ ਪੰਜਾਬ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਵਿਕਾਸ ਕਾਰਜ ਕਰਵਾ ਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਹਲਕੇ ਦੇ 04 ਸਕੂਲਾਂ ਚ 41.64 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸੁਵਿਧਾਵਾਂ ਮਿਲਣ ਨਾਲ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਉੱਚਾ ਹੋਵੇਗਾ।
ਵਿਧਾਇਕ ਹੈਪੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਮੁੱਖ ਤਰਜੀਹ ਸਿਹਤ ਅਤੇ ਸਿੱਖਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲਾਂ ਦਾ ਨਵੀਨੀਕਰਨ ਅਤੇ ਬੁਨਿਆਦੀ ਢਾਂਚੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਸੂਬਾ ਸਰਕਾਰ ਖਰਾ ਉਤਰ ਰਹੀ ਹੈ। ਉਨ੍ਹਾਂ ਵਿਰੋਧੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਕੂਲਾਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਵਿਰੋਧੀਆਂ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਕੂਲਾਂ ਦਾ ਵਿਕਾਸ ਕਰਵਾ ਰਹੀ ਹੈ ਤਾਂ ਇਨ੍ਹਾਂ ਨੂੰ ਤਕਲੀਫ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਇਹ ਭੁੱਲ ਰਹੇ ਹਨ ਕਿ ਉਨ੍ਹਾਂ ਦੇ ਸਮੇਂ ਦੌਰਾਨ ਸਕੂਲੀ ਵਿਦਿਆਰਥਣਾਂ ਲਈ ਢੰਗ ਦੇ ਪਖਾਨੇ ਨਹੀਂ ਸਨ।
ਵਿਧਾਇਕ ਹੈਪੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਮਰਾਲਾ ਵਿਖੇ 5.94 ਲੱਖ ਦੀ ਲਾਗਤ ਨਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਾਲਾ ਵਿਖੇ 26.65 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਪੋਹਲੋ ਮਾਜਰਾ ਵਿਖੇ 1.545 ਲੱਖ ਦੀ ਲਾਗਤ ਨਾਲ ਅਤੇ ਸਰਕਾਰੀ ਹਾਈ ਸਕੂਲ ਪੋਹਲੋ ਮਾਜਰਾ ਵਿਖੇ 7.51 ਲੱਖ ਦੀ ਲਾਗਤ ਨਾਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਗੁਰੀ ਬਰਵਾਲੀ, ਵਿਵੇਕ ਭਾਰਦਵਾਜ, ਜਗਰੂਪ ਗਗੜਵਾਲ, ਦਲਵਿੰਦਰ ਸਿੰਘ ਸਰਪੰਚ ਫਰੌਰ, ਗੋਪੀ ਸਰਪੰਚ, ਹਰਭਜਨ ਸਿੰਘ ਸਰਪੰਚ ਜਟਾਣਾ ਉੱਚਾ, ਬਚਿੱਤਰ ਸਿੰਘ ਮਨਸੂਰਪੁਰ, ਧਰਮਿੰਦਰ ਸਿੰਘ, ਬਿੱਟੂ ਖਾਨ, ਗੁਰਪ੍ਰੀਤ ਸਿੰਘ ਅਮਰਾਲਾ, ਗੋਗੀ ਅਮਰਾਲਾ, ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਗੁਰਦੀਪ ਸਿੰਘ, ਭਿੰਦਾ ਹਰਗਣਾ, ਹਰਪ੍ਰੀਤ ਸਿੰਘ ਮਹੇਸ਼ਪੁਰਾ, ਸੁਰਜੀਤ ਸਿੰਘ ਰੈਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਮਾਪੇ ਤੇ ਅਧਿਆਪਕ ਹਾਜਰ ਸਨ।
