ਫਾਜ਼ਿਲਕਾ, 9 ਸਤੰਬਰ,
ਪੰਜਾਬ ਸਰਕਾਰ ਵੱਲੋਂ ਹੜਾਂ ਦੇ ਕਾਰਨ ਰਾਹਤ ਕੈਂਪਾਂ ਵਿੱਚ ਪਹੁੰਚੇ ਲੋਕਾਂ ਨੂੰ ਹਰ ਪ੍ਰਕਾਰ ਦੀ ਬੁਨਿਆਦੀ ਜਰੂਰਤ ਇਹਨਾਂ ਕੈਂਪਾਂ ਵਿੱਚ ਮੁਹਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਸੀਨੀਅਰ ਆਈਏਐਸ ਅਫਸਰ ਕੰਵਲਪ੍ਰੀਤ ਬਰਾੜ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਪਿੰਡ ਮੌਜਮ, ਰਾਣਾ ਅਤੇ ਸਲੇਮ ਸ਼ਾਹ ਦੇ ਰਾਹਤ ਕੈਂਪਾਂ ਦੇ ਦੌਰੇ ਦੌਰਾਨ ਦਿੱਤੀ। ਜ਼ਿਕਰ ਯੋਗ ਹੈ ਕਿ ਸੀਨੀਅਰ ਆਈਏਐਸ ਅਫਸਰ ਕੰਵਲਪ੍ਰੀਤ ਬਰਾੜ ਹੜ੍ਹਾਂ ਦੇ ਮੱਦੇਨਜਰ ਰਾਹਤ ਕਾਰਜਾਂ ਨੂੰ ਵੇਖਣ ਲਈ ਫਾਜ਼ਿਲਕਾ ਆਏ ਹਨ।
ਇਸ ਮੌਕੇ ਉਨ੍ਹਾਂ ਵੱਲੋਂ ਇਹਨਾਂ ਰਾਹਤ ਕੈਂਪਾਂ ਵਿੱਚ ਰਹਿ ਰਹੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ ਗਿਆ ਜਦਕਿ ਇੱਥੇ ਰਹਿ ਰਹੀਆਂ ਮਹਿਲਾਵਾਂ ਨੂੰ ਹਾਈਜੀਨ ਨਾਲ ਸੰਬੰਧਿਤ ਸਮਾਨ ਵੰਡਿਆ ਗਿਆ ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਸਾਰੇ ਰਾਹਤ ਕੈਂਪਾਂ ਵਿੱਚ ਮੈਡੀਕਲ ਵਿਭਾਗ ਅਤੇ ਵੈਟਰਨਰੀ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਖਾਣ ਪੀਣ ਸਮੇਤ ਹਰ ਸੁਵਿਧਾ ਦਿੱਤੀ ਜਾ ਰਹੀ ਹੈ। ਉਹਨਾਂ ਦੇ ਜਾਨਵਰਾਂ ਲਈ ਪਸ਼ੂ ਚਾਰਾ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਰਹਿ ਰਹੇ ਬੱਚਿਆਂ ਲਈ ਰਾਹਤ ਕੈਂਪਾਂ ਵਿੱਚ ਹੀ ਆਰਜੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਇਹ ਵਿਦਿਆਰਥੀ ਆਪਣੀ ਪੜ੍ਹਾਈ ਨਾਲ ਜੁੜੇ ਰਹਿਣ। ਇਸ ਤੋਂ ਬਿਨਾਂ ਇੱਕ ਮੋਬਾਈਲ ਲਾਇਬਰੇਰੀ ਵੀ ਸ਼ੁਰੂ ਕੀਤੀ ਗਈ ਹੈ ਜੋ ਵਾਰੋਵਾਰੀ ਵੱਖ ਵੱਖ ਰਾਹਤ ਕੈਂਪਾਂ ਵਿੱਚ ਜਾਂਦੀ ਹੈ ਅਤੇ ਇੱਥੇ ਰਹਿ ਰਹੇ ਲੋਕਾਂ ਨੂੰ ਸਾਹਿਤ ਨਾਲ ਜੋੜਨ ਦਾ ਵਡਮੁੱਲਾ ਕਾਰਜ ਕਰ ਰਹੀ ਹੈ।
ਫਾਜ਼ਿਲਕਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 30 ਰਾਹਤ ਕੈਂਪ ਬਣਾਏ ਗਏ ਸਨ ਪਰ ਇਹਨਾਂ ਵਿੱਚੋਂ 14 ਰਾਹਤ ਕੈਂਪਾਂ ਵਿੱਚ ਹੀ ਲੋਕ ਪਹੁੰਚੇ ਹਨ ਅਤੇ ਇੱਥੇ ਆਏ ਲੋਕਾਂ ਦੀ ਪ੍ਰਸ਼ਾਸਨ ਵੱਲੋਂ ਹਰ ਪ੍ਰਕਾਰ ਨਾਲ ਦੇਖਰੇਖ ਕੀਤੀ ਜਾ ਰਹੀ ਹੈ। ਇਸ ਵੇਲੇ ਰਾਹਤ ਕੈਂਪਾਂ ਵਿਚ 2761 ਲੋਕ ਰਹਿ ਰਹੇ ਹਨ। ਹਰੇਕ ਰਾਹਤ ਕੈਂਪ ਲਈ ਇੱਕ ਸੀਨੀਅਰ ਅਧਿਕਾਰੀ ਨੂੰ ਇੰਚਾਰਜ ਲਗਾਇਆ ਗਿਆ ਹੈ।
ਇਸ ਮੌਕੇ ਉਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ ਅਤੇ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਹਾਜ਼ਰ ਸਨ।



