ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ੇ ਦਾ ਖਾਤਮਾ ਕਰਨ ਦਾ ਤਹੱਈਆ ਕੀਤਾ ਹੈ ਤਾਂ ਜ਼ੋ ਸੂਬੇ ਦੀ ਨੌਜਵਾਨੀ ਨੂੰ ਇਸ ਕੋਹੜ ਤੋਂ ਬਚਾਇਆ ਜਾ ਸਕੇ ਅਤੇ ਸਾਡਾ ਸੂਬਾ ਮੁੜ ਤੋਂ ਰੰਗਲਾ ਤੇ ਸਿਹਤਮੰਦ ਹੋਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਲੜੀ ਤਹਿਤ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਪਿੰਡ ਕੁਹਾੜਿਆਂ ਵਾਲੀ ਤੇ ਮੰਮੂ ਖੇੜਾ ਖਾਟਵਾਂ ਵਿਖੇ ਨਸ਼ਾ ਮੁਕਤੀ ਯਾਤਰਾਵਾਂ ਕਰ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕਜੁਟ ਹੋ ਕੇ ਇਸ ਲੜਾਈ ਵਿਚ ਪੰਜਾਬ ਸਰਕਾਰ ਦਾ ਸਾਥ ਦੇਣ ਲਈ ਕਿਹਾ।

ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਉਹ ਪਿੰਡਾਂ ਦੇ ਵਸਨੀਕਾਂ ਤੋਂ ਇਸ ਲੜਾਈ ਵਿਚ ਸਾਥ ਲੈਣ ਲਈ ਆਏ ਹਨ ਤਾਂ ਜ਼ੋ ਰਲਮਿਲ ਕੇ ਸਰਕਾਰ ਦੇ ਇਸ ਅਭਿਆਨ ਨੂੰ ਸਫਲ ਬਣਾ ਸਕੀਏ ਤੇ ਆਪਣੇ ਸੂਬੇ ਨੂੰ ਇਸ ਛੇਵੇ ਦਰਿਆ ਤੋਂ ਨਿਜਾਤ ਦਿਵਾ ਸਕੀਏ। ਉਨ੍ਹਾਂ ਵਸਨੀਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਸਾਂਝੀ ਕਰਨਾ ਲੋਕਾਂ ਦਾ ਕੰਮ ਹੈ ਤੇ ਕਾਰਵਾਈ ਕਰਨਾ ਸਰਕਾਰ ਦਾ, ਨਸ਼ਾ ਆਪਣੇ ਆਪ ਖਤਮ ਹੋ ਜਾਵੇਗਾ।

ਉਨ੍ਹਾਂ ਇਹ ਵੀ ਸੰਬੋਧਨ ਕੀਤਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਦੂਸਰਾ ਪਹਿਲੂ ਹੈ ਕਿ ਜ਼ੋ ਕੋਈ ਨੌਜਵਾਨ ਵੀਰ ਇਸ ਦੀ ਚਪੇਟ ਵਿਚ ਆ ਗਿਆ ਤਾਂ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿਉਂ ਜ਼ੋ ਉਸ ਦਾ ਸਿਹਤ ਕੇਂਦਰ ਵਿਖੇ ਇਲਾਜ ਕਰਵਾ ਕੇ ਉਸਨੂੰ ਮੁੜ ਤੋਂ ਸਮਾਜ ਨਾਲ ਜ਼ੋੜਿਆ ਜਾ ਸਕੇ ਤੇ ਉਹ ਆਪਣੀ ਰੋਜਮਰਾ ਦੀ ਜਿੰਦਗੀ ਬਤੀਤ ਕਰ ਸਕੇ।
ਇਸ ਦੌਰਾਨ ਉਨ੍ਹਾਂ ਪਿੰਡਾਂ ਵਾਸੀਆਂ ਨੁੰ ਨਸ਼ੇ ਖਿਲਾਫ ਇਕਜੁਟ ਹੋ ਕੇ ਲੜਾਈ ਲੜਣ ਦਾ ਪ੍ਰਣ ਵੀ ਦਵਾਇਆ।ਉਨ੍ਹਾਂ ਕਿਹਾ ਕਿ ਨਸ਼ੇ ਨੂੰ ਸਭਨਾ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਕੁਹਾੜਿਆਂ ਵਾਲੀ ਵਿਖੇ ਥਾਪਰ ਮਾਡਲ ਅਤੇ ਕਿਚਨ ਸ਼ੈਡ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਦੇ ਵਿਕਾਸ ਲਈ ਲਗਾਤਾਰ ਵਿਕਾਸ ਪ੍ਰੋਜੈਕਟ ਉਲੀਕ ਰਹੀ ਹੈ।