ਪੰਜਾਬ ਸਰਕਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣ ਲਈ ਵਚਨਬੱਧ: ਵਿਧਾਇਕ ਰੁਪਿੰਦਰ ਸਿੰਘ ਹੈਪੀ

*ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਲਾਏ ਰੋਜ਼ਗਾਰ ਮੇਲੇ ਦੌਰਾਨ 114 ਪ੍ਰਾਰਥੀਆਂ ਦੀ ਵੱਖੋ ਵੱਖ ਕੰਪਨੀਆਂ ਵਿੱਚ ਰੋਜ਼ਗਾਰ ਲਈ ਚੋਣ

ਫ਼ਤਹਿਗੜ੍ਹ ਸਾਹਿਬ, 06 ਅਪ੍ਰੈਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕੋਰਡੀਆ ਗਰੁੱਪ ਆਫ ਇੰਸਟੀਚਿਊਟ, ਉੱਚਾ ਪਿੰਡ ਸੰਘੋਲ ਵਿਖੇ ਲਾਏ ਰੋਜ਼ਗਾਰ ਮੇਲੇ ਵਿੱਚ 208 ਪ੍ਰਾਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 114 ਪ੍ਰਾਰਥੀਆਂ ਦੀ ਵੱਖੋ-ਵੱਖ ਕੰਪਨੀਆਂ ਵਿੱਚ ਚੋਣ ਹੋਈ ਹੈ, ਜਿਹੜਾ ਕਿ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਹੈ ਤੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣ ਲਈ ਵਚਨਬੱਧ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਰੋਜ਼ਗਾਰ ਮੇਲੇ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ, ਜਿਸ ਕਾਰਨ ਨੌਜਵਾਨ ਜਿੱਥੇ ਵਿਦੇਸ਼ਾਂ ਨੂੰ ਕੂਚ ਕਰਦੇ ਰਹੇ, ਉੱਥੇ ਨਸ਼ਿਆਂ ਤੇ ਹੋਰ ਅਲਾਮਤਾਂ ਦੀ ਚਪੇਟ ਵਿੱਚ ਵੀ ਆ ਗਏ। ਪਰ ਹੁਣ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਲਿਆਂ ਨਾਲ ਜਿੱਥੇ ਹੁਣ ਤਕ ਪੰਜਾਬ ਦੇ ਨੌਜਵਾਨਾਂ ਨੂੰ ਲਗਪਗ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਉੱਥੇ ਸਵੈ ਰੋਜ਼ਗਾਰ ਮੁਹਈਆ ਕਰਵਾਉਣ ਦੇ ਨਾਲ ਨਾਲ ਤੇ ਵੱਖ-ਵੱਖ ਕੰਪਨੀਆਂ ਵਿੱਚ ਵੀ ਨੌਜਵਾਨਾਂ ਦੀ ਪਲੇਸਮੈਂਟ ਕਰਵਾਈ ਗਈ ਹੈ।

ਹਲਕਾ ਵਿਧਾਇਕ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਜ਼ਿਲ੍ਹੇ ਦੀਆਂ ਲੋਕਲ ਪ੍ਰਾਈਵੇਟ ਕੰਪਨੀਆਂ ਵੱਲੋਂ ਰੋਜ਼ਗਾਰ ਮੁੱਹਈਆ ਕਰਵਾਇਆ ਗਿਆ, ਜਿਨ੍ਹਾਂ ਵਿੱਚ ਐਜਾਇਲ ਹਰਬਲ, ਐਕਸਿਸ ਬੈਂਕ, ਐਚਡੀਐਫਸੀ ਬੈਂਕ, ਪੁਖਰਾਜ ਹਰਬਲ, ਵਰਧਮਾਨ ਟੈਕਸਟਾਈਲ, ਟਿਵਾਣਾ ਤੇਲ, ਟਾਈਮਜ਼ ਪ੍ਰੋ, ਪਿਸੌਫਟ ਇਨਫੋਰਮੈਟਿਕਸ ਅਤੇ ਸਵੈ ਰੋਜ਼ਗਾਰ ਮੁੱਹਈਆ ਕਰਵਾਉਣ ਵਾਲੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਜਿਵੇਂ ਕਿ ਡੇਅਰੀ ਵਿਕਾਸ, ਮੱਛੀ ਪਾਲਣ, ਐੱਸ.ਸੀ.ਕਾਰਪੋਰੇਸ਼ਨ, ਬੀ.ਸੀ. ਕਾਰਪੋਰੇਸ਼ਨ, ਜ਼ਿਲ੍ਹਾ ਉਦਯੋਗ ਕੇਂਦਰ ਸ਼ਾਮਲ ਹੋਏ।

ਰੋਜ਼ਗਾਰ ਮੇਲੇ ਵਿੱਚ ਭਾਰਤੀ ਫੌਜ ਦੀ ਭਰਤੀ ਲਈ 17 ਤੋਂ ਸਾਢੇ 21 ਸਾਲ ਉਮਰ ਦੇ 10ਵੀਂ ਤੇ 12ਵੀਂ ਪਾਸ ਨੌਜਵਾਨਾਂ ਦੇ ਫਾਰਮ ਵੀ ਭਰੇ ਗਏ।

Leave a Reply

Your email address will not be published. Required fields are marked *