ਫਾਜਿਲ਼ਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਸਬਸਿਡੀ ਤੇ ਮੁਹਈਆ ਕਰਵਾਈਆਂ ਗਈਆਂ ਮਸ਼ੀਨਾਂ ਦੀ ਭੌਤਿਕ ਪੜਤਾਲ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਲੜੀ ਵਿਚ ਉਨ੍ਹਾਂ ਦੀ ਨਿਗਰਾਨੀ ਹੇਠ ਫਾਜਿਲਕਾ ਦੇ ਐਸਡੀਐਮ ਵੀਰਪਾਲ ਕੌਰ ਵੱਲੋਂ ਸਲੇਮ ਸ਼ਾਹ, ਥੇਹਕਲੰਦਰ, ਸ਼ਾਮਾ ਖਾਨਕਾ ਅਤੇ ਓਝਾਂ ਵਾਲੀ ਵਿਖੇ ਵਿਸੇਸ਼ ਜਾਂਚ ਅਭਿਆਨ ਦੌਰਾਨ ਮਸ਼ੀਨਾਂ ਦੀ ਪੜਤਾਲ ਕੀਤੀ ਗਈ।

ਐਸਡੀਐਮ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਤਹਿਤ ਸੀਆਰਐਮ ਅਤੇ ਸਮੈਮ ਯੋਜਨਾ ਅਧੀਨ ਕਿਸਾਨਾਂ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਬਸਿਡੀ ਸਕੀਮ ਦਾ ਸਹੀ ਇਸਤੇਮਾਲ ਕਿਸਾਨਾਂ ਦੇ ਹਿੱਤ ਵਿਚ ਹੋਵੇ ਅਤੇ ਕਿਸਾਨ ਜੋ ਮਸ਼ੀਨਾਂ ਸਬਸਿਡੀ ਤੇ ਖਰੀਦ ਕਰਨ ਉਨ੍ਹਾਂ ਦੀ ਵਰਤੋਂ ਪਰਾਲੀ ਪ੍ਰਬੰਧਨ ਵਿਚ ਸਹੀ ਤਰੀਕੇ ਨਾਲ ਹੋਵੇ ਤਾਂ ਜੋ ਜਿਸ ਉਦੇਸ਼ ਨਾਲ ਸਰਕਾਰ ਵੱਲੋਂ ਸਬਸਿਡੀ ਮੁਹਈਆ ਕਰਵਾਈ ਗਈ ਹੈ ਉਸ ਉਦੇਸ਼ ਦੀ ਪੂਰਤੀ ਹੋ ਸਕੇ।
ਇਸ ਟੀਮ ਵਿਚ ਫਾਜ਼ਿਲਕਾ ਦੇ ਐਸਡੀਐਮ ਵੀਰਪਾਲ ਕੌਰ ਤੋਂ ਇਲਾਵਾ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਵਰਜੀਤ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਬੀਐਲਈਓ ਨੇਹਾ, ਉਪਮੰਡਲ ਭੁਮੀ ਰੱਖਿਆ ਅਫ਼ਸਰ ਵਿਕਾਸ ਪੂਨੀਆਂ ਵੀ ਸ਼ਾਮਿਲ ਸਨ। ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਬਲਾਕ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਵੀ ਹਾਜਰ ਸਨ।