ਲੁਧਿਆਣਾ ਦੇ ਲੋਕਾਂ ਵੱਲੋਂ ਅਕਾਲੀ ਦਲ ਨੂੰ ਮਿਲ ਰਿਹਾ ਅਥਾਹ ਪਿਆਰ, ਪੰਜਾਬ ਦੇ ਲੋਕਾਂ ਵੱਲੋਂ ਪਾਰਟੀ ਪ੍ਰਤੀ ਮੁੜ ਤੋਂ ਜਤਾਏ ਭਰੋਸੇ ਅਤੇ ਸਮਰਥਨ ਦਾ ਸਬੂਤ ਹੈ: ਯੂਥ ਅਕਾਲੀ ਦਲ ਪ੍ਰਧਾਨ
ਲੁਧਿਆਣਾ/ਚੰਡੀਗੜ੍ਹ, 17 ਜੂਨ 2025
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਲੁਧਿਆਣਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਸਮੂਹ ਪਾਰਟੀ ਆਗੂਆਂ ਦੇ ਨਾਲ ਜੰਮਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

ਲੁਧਿਆਣਾ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ, “ਭਲੇ ਦਿਨ ਆਉਣ ਵਾਲੇ ਨੇ ਅਤੇ ਸਾਡੀ ਜਿੱਤ ਵੀ ਯਕੀਨੀ ਹੈ! ਇਹ ਸਿਰਫ਼ ਮੈਂ ਨਹੀਂ ਪੰਜਾਬ ਦਾ ਹਰ ਇੱਕ ਵਿਅਕਤੀ ਕਹਿ ਰਿਹਾ ਹੈ, ਅਤੇ ਅਕਾਲੀ ਦਲ ਨੂੰ ਲੁਧਿਆਣਾ ਦੇ ਲੋਕਾਂ ਵਲੋਂ ਮਿਲ ਰਿਹਾ ਭਰਪੂਰ ਪਿਆਰ, ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਸਮਝ ਚੁੱਕੇ ਹਨ ਕਿ ਪੰਜਾਬ ਦੀ ਤਰੱਕੀ ਲਈ ਅਕਾਲੀ ਦਲ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ।”
ਝਿੰਜਰ ਨੇ ਅੱਗੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਕੱਲ ਕੱਢਿਆ ਰੋਡ ਸ਼ੋਅ ਸਫ਼ਲ ਹੋਇਆ ਹੈ ਅਤੇ ਇਸਨੂੰ ਸਫ਼ਲ ਬਣਾਉਣ ਵਿੱਚ ਪਾਰਟੀ ਆਗੂਆਂ ਅਤੇ ਲੁਧਿਆਣਾ ਦੇ ਨਿਵਾਸੀਆਂ ਨੇ ਪੂਰਾ ਯੋਗਦਾਨ ਪਾਇਆ ਹੈ, ਜਿਸ ਤਰ੍ਹਾਂ ਲੋਕਾਂ ਨੇ ਇਸ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਹੈ, ਉਸਤੋਂ ਪਾਰਟੀ ਪ੍ਰਤੀ ਲੋਕਾਂ ਦੀ ਅਟੱਲ ਵਚਨਬੱਧਤਾ ਸਾਫ਼ ਨਜ਼ਰ ਆ ਰਹੀ ਹੈ। ਲੁਧਿਆਣਾ ਪੰਜਾਬ ਦਾ ਦਿਲ ਹੈ ਅਤੇ ਇੱਥੋਂ ਦੇ ਲੋਕਾਂ ਨੇ ਅੱਗੇ ਆ ਕੇ ਇਹ ਸਾਫ਼ ਜ਼ਾਹਿਰ ਕੀਤਾ ਹੈ ਕਿ ਹੁਣ ਪੰਜਾਬ ਅਕਾਲੀ ਦਲ ਦੀ ਮੁੜ ਵਾਪਸੀ ਚਾਹੁੰਦਾ ਹੈ।”
ਝਿੰਜਰ ਨੇ ਲੁਧਿਆਣਾ ਦੀਆਂ ਭੈਣਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਵੋਟ ਮੰਗਣ ਤੁਹਾਡੇ ਘਰ ਆਏ ਤਾਂ ਤੁਹਾਨੂੰ ਹੱਕ ਹੈ ਉਨ੍ਹਾਂ ਨੂੰ ਰੋਕ ਕੇ ਸਵਾਲ ਪੁੱਛਣ ਦਾ ਕਿ ਕਿੱਥੇ ਨੇ ਸਾਡੇ 1100 ਰੁਪਏ ਮਹੀਨਾ ਜੋ 40 ਮਹੀਨਿਆਂ ਤੋਂ ਸਾਨੂੰ ਨਹੀਂ ਮਿਲੇ? ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਸਰਕਾਰ ਨੂੰ ਸਵਾਲ ਪੁੱਛਣ ਲਈ ਕਿਹਾ ਕਿ ਕਿੱਥੇ ਨੇ ਭਗਵੰਤ ਮਾਨ ਵਲੋਂ ਪ੍ਰਚਾਰ ਕੀਤੀਆਂ ਗਈਆਂ 55000 ਨੌਕਰੀਆਂ?”
ਝਿੰਜਰ ਨੇ ਸੂਬੇ ਵਿੱਚ ਵਧਦੇ ਨਸ਼ੇ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ, ” ਅੱਜ ਪੰਜਾਬ ਦਾ ਭਵਿੱਖ ਨਸ਼ੇ ਦੀ ਸੂਲੀ ਚੜ੍ਹ ਰਿਹਾਂ ਹੈ, ਇੱਕ ਪਾਸੇ ਇਹ ਕਹਿੰਦੇ ਨੇ ਕਿ ਪੰਜਾਬ ਵਿੱਚ 99% ਨਸ਼ਾ ਮੁੱਕ ਗਿਆ ਹੈ, ਅਤੇ ਦੂਜੇ ਪਾਸੇ ਇਹਨਾਂ ਦੇ ਹੀ ਮੰਤਰੀ ਇਸ ਗੱਲ ਨੂੰ ਨਕਾਰਦੇ ਨੇ। ਦੂਜੇ ਪਾਸੇ ਇਹਨਾਂ ਵਲੋਂ ਲੋਕਾਂ ਨੂੰ ਨਸ਼ਾ ਤਸਕਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਜਾਂਦਾ ਹੈ ਅਤੇ ਜੋ ਨਸ਼ੇ ਵਿਰੁੱਧ ਅਵਾਜ਼ ਚੁੱਕਦੇ ਹਨ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਇਹ ਕਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ?”

ਝਿੰਜਰ ਨੇ ਪੰਜਾਬ ਦੇ ਵਿਭਾਗਾਂ ਨੂੰ ਸਾਂਭਣ ਲਈ ਦਿੱਲੀ ਵਲੋਂ ਲਿਆਏ ਜਾ ਰਹੇ ਲੋਕਾਂ ਨੂੰ ਲੈਕੇ ਵੀ ਚਿੰਤਾ ਜ਼ਹਿਰ ਕੀਤੀ ਅਤੇ ਕਿਹਾ, “ਅੱਜ ਓਹ ਦਿਨ ਆ ਗਿਆ ਹੈ ਕਿ ਪੰਜਾਬ ਦੇ ਹੱਕਾਂ ਨੂੰ ਦਿੱਲੀ ਦੇ ਹਵਾਲੇ ਕੀਤਾ ਜਾ ਰਿਹਾ ਹੈ, ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਪੰਜਾਬ ਦੇ ਵਿਭਾਗ ਉਨ੍ਹਾਂ ਨੂੰ ਸੌਂਪੇ ਜਾ ਰਹੇ ਨੇ ਜੋ ਆਪ ਦਿੱਲੀ ਦੇ ਲੋਕਾਂ ਵਲੋਂ ਨਕਾਰੇ ਜਾ ਚੁੱਕੇ ਹਨ।”
ਝਿੰਜਰ ਨੇ ਭਗਵੰਤ ਮਾਨ ਦੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ, “ਆਪ ਸਰਕਾਰ ਪਿਛਲੇਂ ਸਵਾ ਤਿੰਨ ਸਾਲਾਂ ਤੋਂ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਦੀ ਆਈ ਹੈ, ਝੂਠੇ ਇਸ਼ਤਿਹਾਰਾਂ ਤੋਂ ਇਲਾਵਾ ਪੰਜਾਬ ਦੇ ਪੱਲੇ ਕੁਝ ਵੀ ਨਹੀਂ ਪਿਆ। ਨਾ ਹੀ ਕਿਸਾਨਾਂ ਨੂੰ ਐੱਮ.ਐੱਸ. ਪੀ ਦੀ ਗਾਰੰਟੀ ਮਿਲੀ, ਨਾ ਪਰਿਵਾਰਾਂ ਨੂੰ ਮੁਆਵਜ਼ਾ, ਨਾ ਪੰਜਾਬ ਨਸ਼ਾ ਮੁਕਤ ਬਣਿਆ ਅਤੇ ਨਾ ਹੀ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ।”
ਯੂਥ ਅਕਾਲੀ ਦਲ ਪ੍ਰਧਾਨ ਨੇ ਅੱਗੇ ਕਿਹਾ, “ਕੱਲ ਦੇ ਰੋਡ ਸ਼ੋਅ ਵਿੱਚ ਵੱਧ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨਾਂ ਦਾ ਹਿੱਸਾ ਲੈਣਾ ਇਹ ਸੰਕੇਤ ਦਿੰਦਾ ਹੈ ਕਿ ਹੁਣ ਲੋਕ ਸਮਝ ਚੁੱਕੇ ਹਨ ਕਿ ਪੰਜਾਬ ਅਤੇ ਪੰਜਾਬੀਅਤ ਲਈ, ਭਾਈਚਾਰਕ ਸਾਂਝ ਲਈ, ਤਰੱਕੀ ਲਈ, ਅਮਨ-ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ।”

ਝਿੰਜਰ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਖ਼ਰਾਬ ਮੌਸਮ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਵੱਧ ਗਿਣਤੀ ਵਿੱਚ ਰੋਡ ਸ਼ੋਅ ਵਿੱਚ ਹਿੱਸਾ ਲਿਆ ਜਿਸ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ, ਇਹ ਇਕੱਠ ਜ਼ਾਹਿਰ ਕਰ ਰਿਹਾ ਹੈ ਕਿ ਹੁਣ ਅਕਾਲੀ ਦਲ ਦੀ ਜਿੱਤ ਪੱਕੀ ਹੈ।”
ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੋਡ ਸ਼ੋਅ ਦੀ ਅਗਵਾਈ ਕਰਦਿਆਂ ਕਿਹਾ, “ਆਮ ਆਦਮੀ ਪਾਰਟੀ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਕੁਝ ਨਹੀਂ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿੱਚ ਸਿਰਫ਼ ਇੱਕ ਕਠਪੁਤਲੀ ਦਾ ਕੰਮ ਕਰ ਰਿਹਾ ਹੈ।”
ਇਸ ਰੋਡ ਸ਼ੋਅ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਜਿਵੇਂ ਕਿ ਸ. ਦਲਜੀਤ ਸਿੰਘ ਚੀਮਾ, ਸ. ਸਿਕੰਦਰ ਸਿੰਘ ਮਲੂਕਾ, ਸ. ਸ਼ਰਨਜੀਤ ਢਿੱਲੋਂ, ਅਤੇ ਪਾਰਟੀ ਆਗੂਆਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਜੀ ਦੇ ਹੱਕ ਵਿੱਚ ਕੱਢੇ ਗਏ ਰੋਡ ਸ਼ੋਅ ਵਿੱਚ ਸਾਥ ਦਿੱਤਾ।
