ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਤਿਆਰ ਕਰਵਾਏ ਜਾਣਗੇ ਜੈਵਿਕ ਗਾਰਡਨ-ਧਾਲੀਵਾਲ

*ਏ.ਡੀ.ਸੀ. (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਰਾਜ ਆਜੀਵਿਕਾ ਮਿਸ਼ਨ ਅਧੀਨ ਬਸੀ ਪਠਾਣਾ ਦੀਆਂ ਕ੍ਰਿਸ਼ੀ ਸਖੀਆਂ ਨੂੰ 1300 ਬੀਜ ਕਿੱਟਾਂ ਵੰਡੀਆਂ
ਫ਼ਤਹਿਗੜ੍ਹ ਸਾਹਿਬ, 20 ਮਾਰਚ: ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜ਼ਿਲ੍ਹੇ ਦੇ ਬਲਾਕਾਂ ਵਿੱਚ ਜੈਵਿਕ ਕਿਚਨ ਗਾਰਡਨ ਤਿਆਰ ਕਰਵਾਏ ਜਾਣਗੇ ਤਾਂ ਜੋ ਦਿਹਾਤੀ ਖੇਤਰ ਦੀਆਂ ਲੋੜਵੰਦ ਔਰਤਾਂ ਆਪਣੇ ਘਰਾਂ ਵਿੱਚ ਸ਼ੁੱਧ ਸਬਜ਼ੀਆਂ ਤਿਆਰ ਕਰਕੇ ਆਪਣੀ ਆਰਥਿਕ ਸਥਿਤੀ ਮਜਬੂਤ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਰਿੰਦਰ ਸਿੰਘ ਧਾਲੀਵਾਲ ਨੇ ਬਲਾਕ ਖੇੜਾ, ਖਮਾਣੋਂ, ਸਰਹਿੰਦ ਤੇ ਬਸੀ ਪਠਾਣਾ ਦੀਆਂ ਕ੍ਰਿਸ਼ੀ ਸਖੀਆਂ ਨੂੰ ਗਰਮੀ ਰੁੱਤ ਦੀਆਂ 1300 ਬੀਜ ਕਿੱਟਾਂ ਵੰਡਣ ਮੌਕੇ ਕੀਤਾ।


ਸ. ਧਾਲੀਵਾਲ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਪਿੰਡਾਂ ਦੀਆਂ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾ ਕੇ ਉਨ੍ਹਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਜੋ ਪੇਂਡੂ ਔਰਤਾਂ ਆਪਣੇ ਪੈਰ੍ਹਾਂ ਤੇ ਖੜ੍ਹੀਆਂ ਹੋ ਕੇ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਮਜਬੂਤ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਅਧੀਨ ਜ਼ਿਲ੍ਹੇ ਵਿੱਚ ਪਹਿਲ ਪ੍ਰੋਗਰਾਮ ਅਧੀਨ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਔਰਤਾਂ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਕ੍ਰਿਸ਼ੀ ਸਖੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਚਨ ਗਾਰਡਨ ਬਣਾਏ ਜਾਣ, ਅਜਿਹਾ ਕਰਨ ਨਾਲ ਉਨ੍ਹਾਂ ਨੂੰ ਸ਼ੁੱਧ ਸਬਜ਼ੀਆਂ ਮਿਲਣਗੀਆਂ ਤੇ ਸਪਰੇਅ ਕਰਕੇ ਬਣਾਈਆਂ ਸਬਜ਼ੀਆਂ ਤੋਂ ਨਿਜਾਤ ਮਿਲੇਗੀ।

Leave a Reply

Your email address will not be published. Required fields are marked *