ਫਾਜ਼ਿਲਕਾ 11 ਨਵੰਬਰ
ਸਿਵਲ ਸਰਜਨ ਡਾ. ਰੋਹਿਤ ਗੋਇਲ ਅਤੇ ਸਹਾਇਕ ਸਿਵਿਲ ਸਰਜਨ ਡਾਕਟਰ ਅਰਪਿਤ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ *ਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਡੇਂਗੂ ਬੁਖਾਰ ਤੋਂ ਲੋਕਾਂ ਨੂੰ ਸਚੇਤ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਸਿਹਤ ਅਧਿਕਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਗਲੀ–ਮੁਹੱਲਿਆਂ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਨੋਡਲ ਅਫਸਰ ਡਾਕਟਰ ਅੰਕੁਸ਼ ਕੰਬੋਜ਼ ਅਤੇ ਟੀਮ ਨੇ ਗਾਧੀ ਨਗਰ, ਪੁਰਾਣਾ ਅਬੋਹਰ ਅੱਡਾ ਵਿਖੇ ਦੁਕਾਨਾਂ ਅਤੇ ਘਰਾਂ ਵਿੱਚ ਵਿਜ਼ਿਟ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਡੇਂਗੂ ਮੱਛਰ ਦੇ ਕਾਰਨ ਫੈਲਣ ਵਾਲੀ ਬਿਮਾਰੀ ਹੈ, ਜੋ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਆਪਣੇ ਘਰਾਂ ਦੇ ਆਲੇ–ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ, ਕੂਲਰ, ਟੈਂਕੀਆਂ ਅਤੇ ਪੁਰਾਣੇ ਟਾਇਰਾਂ ਵਿੱਚ ਪਾਣੀ ਨਾ ਇਕੱਠਾ ਹੋਣ ਦੇਣ। ਸਿਹਤ ਟੀਮਾਂ ਨੇ ਦੁਕਾਨਦਾਰਾਂ ਅਤੇ ਖਰੀਦਦਾਰਾਂ ਨੂੰ ਪੰਫ਼ਲੇਟ ਵੰਡ ਕੇ ਡੇਂਗੂ ਤੋਂ ਬਚਾਅ ਦੇ ਤਰੀਕੇ ਵੀ ਸਮਝਾਏ।
ਇਸ ਮੌਕੇ ਸਿਹਤ ਵਿਭਾਗ ਨੇ ਮਾਈਕਿੰਗ ਰਾਹੀਂ ਵੀ ਜਨਤਾ ਨੂੰ ਸੁਚੇਤ ਕੀਤਾ ਕਿ ਜੇਕਰ ਕਿਸੇ ਨੂੰ ਉੱਚ ਬੁਖਾਰ, ਸਿਰਦਰਦ ਜਾਂ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ 21 ਨੰਬਰ ਵਿੱਚ ਜਾਂਚ ਕਰਵਾਏ।
ਉਨ੍ਹਾਂ ਨੇ ਦੱਸਿਆ ਕਿ ਬਾਜ਼ਾਰਾਂ ਵਿੱਚ ਸਫਾਈ ਬਣਾਈ ਰੱਖਣਾ ਹਰ ਇੱਕ ਦੀ ਜ਼ਿੰਮੇਵਾਰੀ ਹੈ। ਜੇ ਸਾਰੇ ਲੋਕ ਸਹਿਯੋਗ ਕਰਨ ਤਾਂ ਡੇਂਗੂ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਇਹ ਮੁਹਿੰਮ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਪਿੰਡਾਂ ਅਤੇ ਵਾਰਡਾਂ ਤੱਕ ਵੀ ਚਲਾਈ ਜਾਵੇਗੀ ਤਾਂ ਜੋ ਹਰ ਨਾਗਰਿਕ ਤਕ ਇਹ ਸੁਨੇਹਾ ਪਹੁੰਚ ਸਕੇ ਕਿ ਸਫਾਈ ਅਤੇ ਸਾਵਧਾਨੀ ਹੀ ਡੇਂਗੂ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ।
ਇਸ ਦੋਰਾਨ ਮਾਸ ਮੀਡੀਆ ਬ੍ਰਾਂਚ ਤੋਂ ਵਿਨੋਦ ਕੁਮਾਰ ਅਤੇ ਦਿਵੇਸ਼ ਕੁਮਾਰ, ਪ੍ਰੇਮ ਕੁਮਾਰ, ਪਰਮਜੀਤ ਸਿੰਘ ਅਤੇ ਬ੍ਰੀਡਿੰਗ ਚੈੱਕਰ ਨਾਲ ਸੀ।\

