ਪਿੰਡ ਕੁਹਾੜੀਆਂ  ਵਾਲੀ ਵਿਖੇ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ

ਫਾਜਿਲਕਾ 1 ਜੂਨ

ਮਾਣਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਅਤੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸਰਦਾਰ ਅਵਤਾਰ ਸਿੰਘ ਜੀ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੁਆਰਾ ਪਿੰਡ ਕੁਹਾੜੀਆਂ ਵਾਲੀ ਵਿਖੇ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਦਿਵਸ  ਤੇ  ਮੈਡਮ ਰੂਚੀ ਸਵਪਨ ਸ਼ਰਮਾ, ਸੀ.ਜੇ.ਐੱਮ—ਕਮ —ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਜੀਆਂ ਨੇ ਪਿੰਡ ਦੇ ਵਾਸੀਆਂ ਨੂੰ ਜਾਨਕਾਰੀ ਦੇਂਦਿਆਂ ਦਸਿਆ ਕਿ ਵਿਸ਼ਵ ਭਰ ਵਿਚ ਤੰਬਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਤੰਬਾਕੂ ਵਿਰੋਧੀ ਗਤੀਵਿਧੀਆਂ ਅਤੇ ਤੰਬਾਕੂ ਤੋਂ ਬਚਣ ਲਈ ਜਾਗਰੂਕਤਾ ਸਮਾਗਮ ਕੀਤੇ ਜਾਂਦੇ ਹਨ। ਉਨ੍ਹਾਂ ਨੇ ਤੰਬਾਕੂ ਦੇ ਨਕਸਾਨਾ ਬਾਰੇ ਦਸਿਆ ਕਿ ਫੇਫੜਿਆਂ, ਮੂੰਹ, ਗਲੇ, ਪੇਟ ਆਦਿ ਦੇ ਕੈਂਸਰ ਦੀ ਸੰਭਾਵਨਾ ਹੁੰਦੀ ਹੈ। ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ। ਤੰਬਾਕੂ ਦੀ ਵਰਤੋਂ ਮਰਦਾਂ ਅਤੇ ਔਰਤਾਂ ਵਿੱਚ ਜਣਨ ਸ਼ਕਤੀ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵਿੱਚ ਜਾਂ ਤੰਬਾਕੂ ਦੀ ਵਿਕਰੀ ਵਿੱਚ ਲਗਾਉਣਾ ਕਾਨੂੰਨਨ ਅਪਰਾਧ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਵੇਚਣਾ ਵੀ ਕਾਨੂੰਨਨ ਅਪਰਾਧ ਹੈ। ਤੰਬਾਕੂ ਦੇ ਸੇਵਨ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਸਿਗਰਟ ਐਂਡ ਅਦਰ ਤੰਬਾਕੂ  ਪ੍ਰੋਡੱਕਟ ਐਕਟ (ਕੋਟਪਾ) 2003 ਲਾਗੂ ਕੀਤਾ ਗਿਆ ਹੈ। ਜਿਸ ਦੀਆਂ ਵੱਖ ਵੱਖ ਧਾਰਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੈਕਸ਼ਨ 4 ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਤੇ ਸਖਤ ਮਨਾਹੀ ਹੈ, ਸੈਕਸ਼ਨ 6—ਏ ਅਨੁਸਾਰ 18 ਸਾਲ ਤੋਂ ਘੱਟ ਦੇ ਬੱਚਿਆਂ ਦੁਆਰਾ ਤੰਬਾਕੂ ਖਰੀਦੋ ਫਰੋਖਤ ਨਹੀਂ ਕੀਤੀ ਜਾ ਸਕਦੀ, ਸੈਕਸ਼ਨ 6—ਬੀ ਅਨੁਸਾਰ ਸਿੱਖਿਆ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੀ ਵਿਕਰੀ ਤੇ ਸਖਤ ਮਨਾਹੀ ਹੈ,  ਸੈਕਸ਼ਨ 5 ਅਨੁਸਾਰ ਤੰਬਾਕੂ ਪਦਾਰਥਾਂ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ ਅਤੇ ਕਾਊਂਟਰ ਜਾਂ ਟੇਬਲ ਤੇ ਸਾਹਮਣੇ ਰੱਖ ਕੇ ਨਹੀਂ ਵੇਚੇ ਜਾ ਸਕਦੇ। ਸੈਕਸ਼ਨ 7 ਅਧੀਨ ਬੀੜੀ ਸਿਗਰਟ, ਜ਼ਰਦਾ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਪੈਕਿੰਗ ਉਪਰ 85 ਪ੍ਰਤੀਸ਼ਤ ਜਗ੍ਹਾ ਉਪਰ ਪਿਕਟੋਰੀਅਲ ਵਾਰਨਿੰਗ ਪਿਕਚਰ ਲਗਾਉਣੀ ਬਹੁਤ ਜਰੂਰੀ ਹੈ ਅਤੇ ਕੋਈ ਵੀ ਤੰਬਾਕੂ ਪਦਾਰਥ ਖੁੱਲ੍ਹੇ ਰੂਪ ਵਿਚ ਨਹੀਂ ਵੇਚੇ ਜਾ ਸਕਦੇ। ਉਨ੍ਹਾਂ ਦੱਸਿਆ ਕਿ ਸੈਕਸ਼ਨ 4, 6ਏ ਅਤੇ 6ਬੀ ਅਧੀਨ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ 200 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ, ਸੈਕਸ਼ਨ ਨੰ. 5 ਅਤੇ 7 ਦੀ ਉਲੰਘਣਾ ਕਰਨ ਵਾਲੇ ਤੰਬਾਕੂ ਵਿਕਰੇਤਾਵਾਂ ਨੂੰ ਜੁਰਮਾਨੇ ਦੇ ਨਾਲ ਕੋਰਟ ਕੇਸ ਤੇ ਸਜਾ ਵੀ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਹਰੇਕ ਤੰਬਾਕੂ ਪਦਾਰਥ ਤੇ ਲਿਖਿਆ ਹੁੰਦਾ ਹੈ ਕਿ “ਤੰਬਾਕੂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ”। ਪਰ ਫਿਰ ਵੀ ਲੋਕ ਇਸ ਨੂੰ ਵਰਤਦੇ ਹਨ।


             ਇਸ ਮੌਕੇ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਸ਼੍ਰੀ ਅਮਰ ਚੰਦ ਅਤੇ ਸਰਦਾਰ ਪ੍ਰੀਤਮ ਸਿੰਘ ਜੀ ਨੇ ਵੀ ਪਿੰਡ ਵਾਸੀਆਂ ਨੂੰ ਮੁਫ਼ਤ ਕਾਨੂੰਨੀ ਸਲਾਹ ਅਤੇ ਮੁਫ਼ਤ ਵਕੀਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਥਾਰਟੀ ਵੱਲੋਂ ਮਾਧਿਅਸਤਾ ਕੇਂਦਰ, ਲੋਕ ਅਦਾਲਤਾਂ ਅਤੇ POCSO ਕੇਸਾਂ ਵਿੱਚ ਮਿਲਣ ਵਾਲੇ ਮੁਆਵਜ਼ਾ ਬਾਰੇ ਦਸਿਆ।
ਵਧੇਰੀ ਜਾਣਕਾਰੀ ਲਈ ਟੋਲ ਫ੍ਰੀ ਨ. 15100 ਤੇ ਕਾਲ ਕਰੋ

Leave a Reply

Your email address will not be published. Required fields are marked *