ਐਨ.ਕੇ. ਸ਼ਰਮਾ ਤੇ ਸਰਬਜੀਤ ਸਿੰਘ ਝਿੰਜਰ ਵੱਲੋਂ ਚਾਰ ਮੈਂਬਰੀ ਕਮੇਟੀ ਸਮੇਤ ਹੜ੍ਹ ਪੀੜਤ ਖੇਤਰਾਂ ਦਾ ਦੌਰਾ

ਯੂਥ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਨ.ਕੇ. ਸ਼ਰਮਾ ਦੀ ਅਗਵਾਈ ਹੇਠ ਬਣਾਈ ਸ਼੍ਰੋਮਣੀ ਅਕਾਲੀ ਦਲ ਦੀ ਚਾਰ ਮੈਂਬਰੀ ਕਮੇਟੀ ਜਿਸ ਵਿੱਚ ਦਰਬਾਰਾ ਸਿੰਘ ਗੁਰੂ ਅਤੇ ਪਰਿਮੰਦਰ ਸਿੰਘ ਸੋਹਾਣਾ ਵੀ ਸ਼ਾਮਲ ਸਨ ਨਾਲ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪੀੜਤ ਪਿੰਡਾਂ ਦਾ ਦੌਰਾ ਕੀਤਾ।

ਇਹ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਹਕੀਕਤ ਜਾਂਚਣ ਲਈ ਗਠਿਤ ਕੀਤੀ ਗਈ ਸੀ। 

ਦੌਰੇ ਦੌਰਾਨ ਉਨ੍ਹਾਂ ਨੇ ਸਰਾਲਾ ਕਲਾਂ, ਸਰਾਲਾ ਖੁਰਦ, ਉਂਟਸਰ, ਚਮਾਰੂ, ਜੰਡ ਮੰਗੋਲੀ, ਕਾਮੀ ਖੁਰਦ ਸਮੇਤ ਦਰਜਨਾਂ ਪਿੰਡਾਂ ‘ਚ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 2023 ਵਿੱਚ ਘਨੌਰ ਹਲਕੇ ਦੇ ਕਾਮੀ ਖੁਰਦ ਨੇੜੇ ਘੱਗਰ ਦਰਿਆ ਵਿੱਚ ਪਾੜ ਪਿਆ ਸੀ, ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਪਾੜ ਦੀ ਮੁਰੰਮਤ ਨਹੀਂ ਕੀਤੀ ਗਈ। ਹੁਣ ਮੁੜ ਹੜ੍ਹ ਆਉਣ ਨਾਲ ਫਸਲਾਂ, ਘਰਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਹੈ।

ਐਨ.ਕੇ. ਸ਼ਰਮਾ ਨੇ ਪੰਜਾਬ ਸਰਕਾਰ ਦੀ ਨੀਤੀ ਅਤੇ ਕੰਮਕਾਜ ‘ਤੇ ਸਖ਼ਤ ਤੰਜ਼ ਕੱਸਦਿਆਂ ਕਿਹਾ ਕਿ ਜੇ ਸਰਕਾਰ ਨੇ ਸਮੇਂ ਸਿਰ ਘੱਗਰ ਦਰਿਆ ਦੀ ਸੰਭਾਲ ਲਈ ਢੁੱਕਵੀਂ ਕਾਰਵਾਈ ਕੀਤੀ ਹੁੰਦੀ, ਤਾਂ ਅੱਜ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਜਾਨਾਂ ਅਤੇ ਜਾਇਦਾਦਾਂ ਦੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਅੱਜ ਲੋਕ ਹੜ੍ਹ ਵਿੱਚ ਡੁੱਬ ਰਹੇ ਹਨ, ਪਰ ਸਰਕਾਰ ਅਤੇ ਵਿਧਾਇਕ ਚੁੱਪ ਚਾਪ ਆਪਣੀ ਜ਼ਮੀਨ ਬਚਾ ਕੇ ਬੈਠੇ ਹਨ। ਇਹ ਸਰਕਾਰ ਦੀ ਨਾਕਾਮੀ ਅਤੇ ਲੋਕਾਂ ਪ੍ਰਤੀ ਅਣਦਿੱਤੀ ਸੂਝ ਦਾ ਸਾਫ਼ ਸਬੂਤ ਹੈ।

ਐਨ.ਕੇ. ਸ਼ਰਮਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ਼ ਵਾਅਦੇ ਕੀਤੇ, ਪਰ ਜਦੋਂ ਅਸਲ ਕਾਰਵਾਈ ਦੀ ਵਾਰੀ ਆਈ ਤਾਂ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ। ਉਨ੍ਹਾਂ ਕਿਹਾ ਕਿ ਲੋਕ ਹਮਦਰਦੀ ਦੀ ਉਮੀਦ ਕਰ ਰਹੇ ਸਨ, ਪਰ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਹੜ੍ਹ ਪੀੜਤਾਂ ਵੱਲੋਂ ਮੂੰਹ ਮੋੜ ਲਿਆ। ਇਹ ਅਫ਼ਸੋਸਜਨਕ ਹੈ ਕਿ ਇੱਕ ਪਾਸੇ ਲੋਕ ਘਰ ਗਵਾ ਰਹੇ ਹਨ, ਤੇ ਦੂਜੇ ਪਾਸੇ ਸਰਕਾਰ ਫੋਟੋ ਖਿਚਵਾ ਕੇ ਮੀਡੀਆ ਵਿੱਚ ਸ਼ਬਦਾਂ ਦੀ ਰਾਜਨੀਤੀ ਕਰ ਰਹੀ ਹੈ। ਸ਼ਰਮਾ ਨੇ ਇਸ ਨੂੰ ਸਰਕਾਰ ਦੀ ਸੰਵੇਦਨਹੀਨਤਾ ਅਤੇ ਵਿਫ਼ਲ ਪ੍ਰਸ਼ਾਸਨਕ ਯੋਜਨਾਬੰਦੀ ਦਾ ਨਤੀਜਾ ਦੱਸਿਆ।

ਦੌਰੇ ਦੌਰਾਨ ਸਰਬਜੀਤ ਸਿੰਘ ਝਿੰਜਰ ਨੇ ਚਾਰ ਮੈਂਬਰੀ ਕਮੇਟੀ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਘੱਗਰ ਦਰਿਆ ਵਿੱਚ ਆਪਣੀ ਫ਼ਸਲ ਬਚਾਉਣ ਲਈ ਬਣਾਈ ਗਈ ਕੰਧ ਵੀ ਵਿਖਾਈ। ਝਿੰਜਰ ਨੇ ਕਿਹਾ ਕਿ ਜਿਸ ਢੰਗ ਨਾਲ ਵਿਧਾਇਕ ਨੇ ਸਿਰਫ਼ ਆਪਣੀ ਜ਼ਮੀਨ ਨੂੰ ਬਚਾਉਣ ਲਈ ਦਰਿਆ ਦੇ ਪਾਣੀ ਦਾ ਰੁਖ ਮੋੜ ਦਿੱਤਾ, ਜਿਸ ਕਾਰਨ ਹਲਕੇ ਦੇ ਦਰਜਨਾਂ ਪਿੰਡ ਹੜ੍ਹ ਨਾਲ ਤਬਾਹ ਹੋ ਗਏ। ਉਨ੍ਹਾਂ ਕਿਹਾ ਕਿ ਇਹ ਕੰਧ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਤੇ ਬਿਨਾਂ ਕਿਸੇ ਵਿਗਿਆਨਕ ਜਾਂ ਤਕਨੀਕੀ ਸਰਵੇਖਣ ਦੇ ਬਣਾਈ ਗਈ, ਜੋ ਸਿੱਧਾ-ਸਿੱਧਾ ਲੋਕਾਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਹੈ। 

ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀੜਤਾਂ ਨੂੰ ਪਸ਼ੂਆਂ ਦਾ ਚਾਰਾ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਤਾਂ ਜੋ ਉਹਨਾਂ ਦੀ ਹਾਲਤ ਵਿੱਚ ਬੇਹਤਰੀ ਆ ਸਕੇ। ਜੇਕਰ ਕਿਸੇ ਥਾਂ ਬੰਨ੍ਹ ਲਗਾਉਣਾ ਪਿਆ ਤਾਂ ਡੀਜ਼ਲ ਦੀ ਸੇਵਾ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇਗਾ।

ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਐਸ.ਜੀ.ਪੀ.ਸੀ. ਮੈਂਬਰ ਸੁਰਜੀਤ ਸਿੰਘ ਗੜੀ, ਜਸਮੇਰ ਸਿੰਘ ਲਾਛੜੂ, ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮਖਮੈਲਪੁਰ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਗਮੀਤ ਸਿੰਘ ਹਰਿਆਓ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਪਾਲ ਸਿੰਘ ਲੰਗ, ਸਰਕਲ ਪ੍ਰਧਾਨ ਗੁਰਜਿੰਦਰ ਸਿੰਘ ਕਬੂਲਪੁਰ, ਦੇਵਿੰਦਰ ਸਿੰਘ ਟਹਿਲਪੁਰਾ, ਅਵਤਾਰ ਸਿੰਘ ਸ਼ੰਭੂ ਅਤੇ ਲਖਵਿੰਦਰ ਸਿੰਘ ਘੁਮਾਣ ਅਤੇ ਗੁਰਜੰਟ ਸਿੰਘ ਮਹਿਦੂਦਾਂ ਵੀ ਮੌਜੂਦ ਸਨ। 

ਉਨ੍ਹਾਂ ਨੇ ਸਰਕਾਰ ਨੂੰ ਫੌਰੀ ਕਾਰਵਾਈ ਕਰਦਿਆਂ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਮੁੜ ਸਥਾਪਨਾ, ਪਾੜ ਦੀ ਮਰੰਮਤ ਅਤੇ ਕਿਸਾਨਾਂ ਨੂੰ ਮਲਬਾ ਹਟਾਉਣ ਲਈ ਮਦਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ।

Leave a Reply

Your email address will not be published. Required fields are marked *