ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਪਾਸੜ ਵਿਦੇਸ਼ ਨੀਤੀ ਦੇ ਕਾਰਨ ਅੱਜ ਦੇਸ਼ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਐਲ.ਪੀ.ਜੀ. ਨੂੰ ਲੈ ਕੇ ਜੋ ਹਾਹਾਕਾਰ ਮਚੀ ਹੋਈ ਹੈ, ਉਹ ਕੇਂਦਰ ਸਰਕਾਰ ਦੀ ਗਲਤ ਨੀਤੀਆਂ ਦਾ ਨਤੀਜਾ ਹੈ।
ਸ. ਬਰਸਟ ਨੇ ਕਿਹਾ ਕਿ ਭਾਰਤ ਪਿਛਲੇ 75 ਸਾਲਾਂ ਤੋਂ ਗੁਟ ਨਿਰਲੇਪ ਵਿਦੇਸ਼ ਨੀਤੀ ਅਪਣਾਉਂਦਾ ਆ ਰਿਹਾ ਸੀ। ਭਾਰਤ ਕਦੇ ਵੀ ਕਿਸੇ ਇੱਕ ਧਿਰ ਨਾਲ ਖੜ੍ਹਾ ਨਹੀਂ ਹੋਇਆ, ਸਗੋਂ ਅੰਤਰ ਰਾਸ਼ਟਰੀ ਮਾਮਲਿਆਂ ਵਿੱਚ ਮੱਧਸਥ ਭੂਮਿਕਾ ਨਿਭਾ ਕੇ ਫੈਸਲਾ ਕਰਵਾਉਂਦਾ ਰਿਹਾ ਹੈ। ਪਰ ਮੌਜੂਦਾ ਸਮੇਂ ਵਿੱਚ ਇਰਾਨ-ਇਜ਼ਰਾਇਲ ਯੁੱਧ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੁੱਲ੍ਹੇ ਤੌਰ ’ਤੇ ਇਜ਼ਰਾਇਲ ਅਤੇ ਅਮਰੀਕਾ ਦਾ ਸਾਥ ਦੇਣ ਕਾਰਨ ਇਰਾਨ ਨਾਲ ਭਾਰਤ ਦੇ ਸੰਬੰਧ ਪ੍ਰਭਾਵਿਤ ਹੋਏ ਹਨ, ਜਿਸ ਦਾ ਨਤੀਜਾ ਹੁਣ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਆਉਣ ਵਾਲੀ ਐਲ.ਪੀ.ਜੀ. ਅਤੇ ਤੇਲ ਦਾ ਕਰੀਬ 90 ਫੀਸਦੀ ਹਿੱਸਾ ਹੋਰਮੁਜ਼ ਜਲ ਡਮਰੂ ਮਾਰਗ ਰਾਹੀਂ ਆਉਂਦਾ ਹੈ, ਜਿਸ ’ਤੇ ਇਰਾਨ ਦਾ ਕਬਜਾ ਹੈ ਅਤੇ ਹੁਣ ਇਰਾਨ ਸਿਰਫ਼ ਉਹਨਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਹੀ ਉੱਥੋਂ ਲੰਘਣ ਦੇ ਰਿਹਾ ਹੈ, ਜੋ ਗੁਟ ਨਿਰਲੇਪ ਹਨ ਜਾਂ ਉਸਦੇ ਨਾਲ ਖੜ੍ਹੇ ਹਨ। ਇਰਾਨ ਦੇ ਨਾਰਾਜ਼ ਹੋਣ ਕਾਰਨ ਇਹ ਸਪਲਾਈ ਚੇਨ ਟੁੱਟ ਗਈ ਹੈ। ਜਿਸ ਕਾਰਨ ਪੂਰੇ ਭਾਰਤ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ।
ਇਸ ਸੰਕਟ ਦਾ ਸਿੱਧਾ ਅਸਰ ਹੋਟਲ/ਰੈਸਟੋਰੈਂਟ ਉਦਯੋਗ ’ਤੇ ਪੈ ਰਿਹਾ ਹੈ। ਮੁੰਬਈ ਦੇ ਲਗਭਗ 20 ਫੀਸਦੀ ਹੋਟਲ/ਰੈਸਟੋਰੈਂਟ ਬੰਦ ਹੋ ਚੁੱਕੇ ਹਨ, ਜਦਕਿ ਆਉਣ ਵਾਲੇ ਦਿਨਾਂ ਵਿੱਚ 30 ਤੋਂ 40 ਫੀਸਦੀ ਹੋਰ ਹੋਟਲ/ਰੈਸਟੋਰੈਂਟਾਂ ਦੇ ਬੰਦ ਹੋਣ ਦੀ ਸੰਭਾਵਨਾ ਹੈ। ਇਸ ਨਾਲ ਲਗਭਗ ਇੱਕ ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦੀ ਸੰਭਾਵਨਾ ਹੈ, ਜੋ ਕਿ ਭਾਰਤ ਦੀ ਅਰਥਵਿਵਸਥਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੋਟਲਾਂ/ਰੈਸਟੋਰੈਂਟਾਂ ਨੂੰ ਐਲ.ਪੀ.ਜੀ. ਸਿਲੈਂਡਰ ਮੁਹੱਈਆ ਕਰਵਾਉਣ ਤੋਂ ਮਨਾ ਕਰ ਦਿੱਤਾ ਗਿਆ ਹੈ, ਜਿਸ ਦਾ ਆਮ ਲੋਕਾਂ, ਹੋਟਲ/ਰੈਸਟੋਰੈਂਟ ਕਾਰੋਬਾਰੀਆਂ, ਉੱਥੇ ਕੰਮ ਕਰਨ ਵਾਲੇ ਲੋਕਾਂ ਅਤੇ ਗ੍ਰਾਹਕਾਂ ਤੇ ਭਾਰੀ ਅਸਰ ਪੈ ਰਿਹਾ ਹੈ।
ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਭਾਰਤ ਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਜਵਾਬ ਮੰਗਦੀ ਹੈ ਕਿ ਇੱਕਤਰਫਾ ਵਿਦੇਸ਼ ਨੀਤੀ ਬਣਾਉਂਦੇ ਸਮੇਂ ਦੇਸ਼ ਦੀ ਆਰਥਿਕਤਾ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਕਿਉਂ ਨਹੀਂ ਸੋਚਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਾਹਮਣੇ ਆਪਣੀ ਸਥਿਤੀ ਸਾਫ ਕਰਨੀ ਚਾਹੀਦੀ ਹੈ ਕਿ ਉਹ ਅਮਰੀਕਾ ਦੇ ਦਬਾਅ ਹੇਠ ਕਿਉਂ ਹਨ ਅਤੇ ਕੀ ਉਹ ਆਪਣੇ ਮਿੱਤਰ ਅਡਾਨੀ, ਜਿਸ ਤੇ ਅਮਰੀਕਾ ਵਿੱਚ ਕੇਸ ਦਰਜ਼ ਹੈ, ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਦੇ ਕਾਰਨ ਉਹ ਭਾਰਤ ਨੂੰ ਬਰਬਾਦ ਕਰਨ ਵਾਲੀਆਂ ਨੀਤੀਆਂ ਬਣਾ ਰਹੇ ਹਨ। ਸ. ਬਰਸਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਹੁੱਦੇ ਤੋਂ ਅਸਤੀਫਾ ਦੇਣ, ਤਾਂ ਜੋ ਕੋਈ ਦੂਰਦਰਸ਼ੀ ਅਤੇ ਸੂਝਵਾਨ ਪ੍ਰਧਾਨ ਮੰਤਰੀ ਭਾਰਤ ਦੀ ਵਿਦੇਸ਼ ਨੀਤੀ ਨੂੰ ਸੰਤੁਲਤ ਢੰਗ ਨਾਲ ਬਣਾ ਕੇ ਦੇਸ਼ ਦੀ ਅਰਥਵਿਵਸਥਾ ਨੂੰ ਤਰੱਕੀ ਦੇ ਰਾਹ ’ਤੇ ਲੈ ਜਾ ਸਕੇ।
