

- ਗੁਰਦੁਆਰਾ ਸਿੰਘ ਸਭਾ ਮਾਰਕੀਟ ਚ ਬੰਦ ਹੋਈ ਸੀਵਰੇਜ ਲਾਇਨ ਦੀ ਕਰਵਾਈ ਸਫਾਈ
ਅਮਲੋਹ/ਫ਼ਤਹਿਗੜ੍ਹ ਸਾਹਿਬ, 17 ਮਾਰਚ:
ਨਗਰ ਕੌਂਸਲ ਅਮਲੋਹ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਤੇ ਲੋਕਾਂ ਦੀਆਂ ਨਗਰ ਕੌਂਸਲ ਨਾਲ ਸਬੰਧਤ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਮਾਰਕੀਟ ਵਿਖੇ ਸੀਵਰੇਜ ਪਾਇਪ ਬੰਦ ਹੋਣ ਕਾਰਨ ਗੰਦਾ ਪਾਣੀ ਸੜ੍ਹਕ ਤੇ ਆ ਗਿਆ ਸੀ ਜਿਸ ਨੂੰ ਨਗਰ ਕੌਂਸਲ ਦੀ ਟੀਮ ਭੇਜ ਕੇ ਠੀਕ ਕਰਵਾ ਦਿੱਤਾ ਗਿਆ ਹੈ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਅਕਸਰ ਲੋਕ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੂੜਾ ਕਰਕਟ ਬੰਦ ਕਰਕੇ ਨਾਲੀਆਂ ਵਿੱਚ ਸੁੱਟ ਜਾਂਦੇ ਹਨ ਅਤੇ ਪਲਾਸਟਿਕ ਦੇ ਲਿਫਾਫੇ ਨਾਲੀਆਂ ਰਾਹੀਂ ਸੀਵਰੇਜ ਪਾਇਪ ਵਿੱਚ ਜਾ ਕੇ ਉਸ ਨੂੰ ਬੰਦ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸਵੱਛਤਾ ਅਭਿਆਨ ਤਹਿਤ ਸ਼ਹਿਰ ਦੀ ਸਾਫ ਸਫਾਈ ਲਈ ਵੱਡੀ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕੂੜਾ ਕਰਕਟ ਸੜ੍ਹਕਾਂ ਤੇ ਸੁੱਟਣ ਵਾਲਿਆਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਾਗਰਿਕ ਆਪਣੇ ਘਰਾਂ ਦਾ ਕੂੜਾ ਕਰਕਟ ਸੜ੍ਹਕਾਂ ਤੇ ਸੁੱਟਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਈ.ਓ. ਬਲਜਿੰਦਰ ਸਿੰਘ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦਾ ਗਿੱਲ੍ਹਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਨਗਰ ਕੌਂਸਲ ਦੀਆਂ ਡੋਰ-ਟੂ-ਡੋਰ ਕੂੜਾ ਇਕੱਤਰ ਕਰਨ ਲਈ ਆਉਣ ਵਾਲੇ ਵਾਹਨਾਂ ਨੂੰ ਹੀ ਦਿੱਤਾ ਜਾਵੇ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਾਫ ਸਫਾਈ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਗੰਦਗੀ ਦੇ ਢੇਰ ਨਾ ਲੱਗ ਸਕਣ।
