ਮਾਂ ਦਾ ਦੁੱਧ ਬੱਚੇ ਦੇ ਸਰਵਪੱਖੀ ਵਿਕਾਸ ਲਈ ਪੋਸ਼ਣ ਦਾ ਸੱਭ ਤੋਂ ਵਧੀਆ ਸਰੋਤ : ਡਾਕਟਰ ਰਾਜ ਕੁਮਾਰ ਸਿਵਲ ਸਰਜਨ

ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਜੀ ਦੀ ਉਚੇਚੀ ਨਿਗਰਾਨੀ, ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਅਤੇ
ਡਾਕਟਰ ਅਰਪਿਤ ਗੁਪਤਾ ਜ਼ਿਲ੍ਹਾ ਟੀਕਾਕਰਣ ਅਫ਼ਸਰ ਦੀ ਦੇਖਰੇਖ ਵਿੱਚ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ 01 ਅਗਸਤ ਤੋਂ 07 ਅਗਸਤ ਤੱਕ ਵਿਸ਼ੇਸ਼ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਫੀਲਡ ਸਟਾਫ ਲਈ ਆਯੋਜਿਤ ਵਰਕਸ਼ਾਪ ਦੌਰਾਨ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਕਰਮੀਆਂ ਵੱਲੋਂ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਲਗਾਤਾਰ ਜਾਗਰੂਕ ਕਰ ਰਿਹਾ ਹੈ।  
ਉਨ੍ਹਾਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਦੇ ਸਰਵਪੱਖੀ ਵਿਕਾਸ ਲਈ ਪੋਸ਼ਣ ਦਾ ਸੱਭ ਤੋਂ ਉੱਤਮ ਸਰੋਤ ਹੈ। ਬੱਚਿਆਂ ਨੂੰ ਮਾਂ ਦਾ ਦੁੱਧ ਪਿਆਉਣ ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ। ਆਪਣਾ ਦੁੱਧ ਪਿਆਉਣ ਨਾਲ ਮਾਵਾਂ ਵਿੱਚ ਛਾਤੀ ਦੇ ਕੈਂਸਰ, ਅੰਡਕੋਸ਼ ਦੇ ਕੈਂਸਰ ਅਤੇ ਸ਼ੂਗਰ ਦਾ ਖ਼ਤਰਾ ਵੀ ਘੱਟ ਜਾਂਦਾ ਹੈ ਅਤੇ ਆਪਸੀ ਪਿਆਰ ਵੱਧਦਾ ਹੈ। ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਅਤੇ ਉਸਤੋਂ ਬਾਅਦ ਬਾਹਰਲੀ ਖੁਰਾਕ ਸ਼ੁਰੂ ਕਰ ਦੇਣੀ ਚਾਹੀਦੀ ਹੈ। ਮਾਂ ਨੂੰ ਘੱਟੋ ਘੱਟ ਦੋ ਸਾਲ ਤੱਕ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੇ ਰਹਿਣਾ ਚਾਹੀਦਾ ਹੈ।

ਡਾਕਟਰ ਨੂਪੁਰ ਗਰਗ ਮਹਿਲਾ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਬੱਚਿਆਂ ਨੂੰ ਮਾਂ ਦਾ ਪਹਿਲਾ ਗਾੜ੍ਹਾ ਦੁੱਧ ਪਿਆਉਣ ਨਾਲ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ ਅਤੇ ਪਹਿਲੇ ਅੱਧੇ ਘੰਟੇ ਵਿਚ ਮਾਂ ਦਾ ਦੁੱਧ ਪਿਆਉਣ ਨਾਲ ਨਵਜੰਮੇ ਬੱਚਿਆਂ ਦੀਆਂ ਮੌਤਾਂ ਨੂੰ 20 ਫ਼ੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ
ਬੱਚਿਆਂ ਨੂੰ ਪਹਿਲੇ ਅੱਧੇ ਘੰਟੇ ਵਿਚ ਮਾਂ ਦਾ ਦੁੱਧ ਨਹੀਂ ਦਿੱਤਾ ਜਾਂਦਾ ਉਨ੍ਹਾਂ ਨੂੰ ਨਿਮੋਨੀਆ ਹੋਣ ਦਾ ਖਤਰਾ ਅਤੇ ਦਸਤ ਜਿਹੀ ਬੀਮਾਰੀਆਂ ਦਾ ਖ਼ਤਰਾ ਵੱਧ ਹੁੰਦਾ ਹੈ।
ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ ਅਤੇ ਮਨਬੀਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਜਨਮ ਹੋਣ ਉਪਰੰਤ ਮਾਂ ਦੇ ਦੁੱਧ ਤੋਂ ਪਹਿਲਾਂ ਕੋਈ ਚੀਜ਼ ਨਾ ਦਿੱਤੀ ਜਾਵੇ ਅਤੇ ਗੁੜਤੀ ਵੀ ਮਾਂ ਦੇ ਦੁੱਧ ਦੀ ਹੀ ਦਿੱਤੀ ਜਾਵੇ। ਇਸ ਮੌਕੇ ਨਰਸਿੰਗ ਸਿਸਟਰ ਮੈਰੀ ਅਤੇ ਆਰ.ਬੀ.ਐਸ.ਕੇ ਕੋਆਰਡੀਨੇਟਰ ਬਲਜੀਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *