ਭਾਜਪਾ ਰੈਲੀ ਤੋਂ ਪਹਿਲਾਂ ਮੋਹਿਤ ਮੋਹਿੰਦਰਾ ਦਾ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ

ਪੰਜਾਬ ਵਿੱਚ ਭਾਜਪਾ ਦੀ ਆਉਣ ਵਾਲੀ ਰੈਲੀ ਤੋਂ ਪਹਿਲਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਨਾਲ ਹੋ ਰਹੇ ਭੇਦਭਾਵ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਨਾਲ ਸੌਤੇਲਾ ਵਿਹਾਰ ਕਰ ਰਹੀ ਹੈ ਅਤੇ ਹੁਣ ਰੈਲੀ ਕਰਨ ਲਈ ਪੰਜਾਬ ਆਉਣ ਦਾ ਕੋਈ ਨੈਤਿਕ ਹੱਕ ਨਹੀਂ ਬਣਦਾ।

ਮੋਹਿੰਦਰਾ ਨੇ ‘ਖੇਲੋ ਇੰਡੀਆ’ ਯੋਜਨਾ ਤਹਿਤ ਮਿਲੇ ਫੰਡਾਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ 2024 ਦੇ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਟੀਮ ਦੇ 117 ਖਿਡਾਰੀਆਂ ਵਿੱਚੋਂ 19 ਖਿਡਾਰੀ ਪੰਜਾਬ ਨਾਲ ਸੰਬੰਧਿਤ ਸਨ, ਜਦਕਿ ਗੁਜਰਾਤ ਤੋਂ ਕੇਵਲ 2 ਖਿਡਾਰੀ ਸਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਨੂੰ ਖੇਡ ਢਾਂਚੇ ਲਈ ਸਿਰਫ਼ 78.02 ਕਰੋੜ ਰੁਪਏ ਦਿੱਤੇ, ਜਦਕਿ ਗੁਜਰਾਤ ਨੂੰ 462- 606 ਕਰੋੜ ਰੁਪਏ ਮੁਹੱਈਆ ਕਰਵਾਏ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ, ਪਰ ਜਦੋਂ ਗੱਲ ਫੰਡਾਂ ਅਤੇ ਸਹਾਇਤਾ ਦੀ ਆਉਂਦੀ ਹੈ ਤਾਂ ਕੇਂਦਰ ਸਰਕਾਰ ਪੰਜਾਬ ਨੂੰ ਨਜ਼ਰਅੰਦਾਜ਼ ਕਰਦੀ ਹੈ।

ਮੋਹਿੰਦਰਾ ਨੇ ਕੇਂਦਰ ਸਰਕਾਰ ਨੂੰ ਕਈ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ। ਉਨ੍ਹਾਂ ਪੁੱਛਿਆ ਕਿ ਪੰਜਾਬ ਲਈ ਰੂਰਲ ਡਿਵੈਲਪਮੈਂਟ ਫੰਡ ਕਿਉਂ ਰੋਕਿਆ ਗਿਆ ਹੈ, ਰਿਵੈਨਿਊ ਡਿਫਿਸਿਟ ਗ੍ਰਾਂਟ ਕਿਉਂ ਜਾਰੀ ਨਹੀਂ ਕੀਤੀ ਗਈ ਅਤੇ ਕਿਸਾਨਾਂ ਲਈ ਐਮ ਐੱਸ ਪੀ ਦੀ ਗਾਰੰਟੀ, ਕਰਜ਼ ਮਾਫ਼ੀ ਅਤੇ ਹੋਰ ਪ੍ਰੋਤਸਾਹਨ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਢੁੱਕਵਾਂ ਸਹਿਯੋਗ ਕਿਉਂ ਨਹੀਂ ਦਿੱਤਾ ਗਿਆ।

ਉਨ੍ਹਾਂ ਨੇ ਖਾਦਾਂ ਦੇ ਮਸਲੇ ਨੂੰ ਵੀ ਉਠਾਉਂਦਿਆਂ ਕਿਹਾ ਕਿ ਡਾਈ-ਅਮੋਨਿਅਮ ਫਾਸਫੇਟ ਅਤੇ ਹੋਰ ਖਾਦਾਂ ਦੀ ਸਪਲਾਈ ਅਤੇ ਕੀਮਤਾਂ ਬਾਰੇ ਕੇਂਦਰ ਦੀ ਨੀਤੀ ਸਪਸ਼ਟ ਨਹੀਂ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਪੁੱਛਿਆ ਕਿ ਅਮਰੀਕਾ ਨਾਲ ਹੋਏ ਵਪਾਰਕ ਸਮਝੌਤੇ ਨਾਲ ਪੰਜਾਬ ਦੀ ਖੇਤੀਬਾੜੀ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਕੇਂਦਰ ਸਰਕਾਰ ਦੀ ਕੀ ਸੋਚ ਹੈ।

ਮੋਹਿੰਦਰਾ ਨੇ ਰਾਸ਼ਟਰੀ ਸੁਰੱਖਿਆ ਅਤੇ ਨਸ਼ਿਆਂ ਦੇ ਮਸਲੇ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਬਾਰਡਰ ਸੁਰੱਖਿਆ ਬਲ ਜੋ ਕੇਂਦਰ ਸਰਕਾਰ ਦੇ ਅਧੀਨ ਹੈ ਅਤੇ ਜਿਸ ਦਾ ਅਧਿਕਾਰ ਖੇਤਰ ਪੰਜਾਬ ਵਿੱਚ 50 ਕਿਲੋਮੀਟਰ ਤੱਕ ਵਧਾਇਆ ਗਿਆ ਹੈ, ਦੇ ਬਾਵਜੂਦ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਜਾਰੀ ਹੈ ਜੋ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰ ਰਹੀ ਹੈ। ਉਨ੍ਹਾਂ ਨੇ 2024 ਵਿੱਚ ਗੁਜਰਾਤ ਦੇ ਕੰਡਲਾ ਬੰਦਰਗਾਹ ’ਤੇ 200 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਹੋਣ ਦੇ ਮਾਮਲੇ ’ਤੇ ਵੀ ਕੇਂਦਰ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ।

ਅੰਤ ਵਿੱਚ ਮੋਹਿੰਦਰਾ ਨੇ ਕਿਹਾ ਕਿ ਕਈ ਸਾਲਾਂ ਤੋਂ ਪੰਜਾਬ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਹੁਣ ਭਾਜਪਾ ਪੰਜਾਬ ਵਿੱਚ ਰੈਲੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਭਾਜਪਾ ਪੰਜਾਬ ਲਈ ਕੀ ਨਵਾਂ ਲੈ ਕੇ ਆ ਰਹੀ ਹੈ ਜਾਂ ਫਿਰ ਸਿਰਫ਼ ਸੂਬੇ ਦੇ ਸਰੋਤਾਂ ਦਾ ਸ਼ੋਸ਼ਣ ਹੀ ਜਾਰੀ ਰੱਖਣਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਭੇਦਭਾਵ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਸੂਬੇ ਦੀ ਇੱਜ਼ਤ, ਹੱਕਾਂ ਅਤੇ ਭਵਿੱਖ ਨਾਲ ਹੋਣ ਵਾਲੀ ਕਿਸੇ ਵੀ ਨਾ ਇਨਸਾਫੀ ਨੂੰ ਬਰਦਾਸ਼ਤ ਨਹੀਂ ਕਰਨਗੇ।

Leave a Reply

Your email address will not be published. Required fields are marked *