Mohali News : ਮੋਹਾਲੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ 

ਕਿਸਾਨਾਂ ਨੇ ਖੇਤਾਂ ਨੂੰ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਸੁਪਰੀਮ ਕੋਰਟ ਅਤੇ ਐਨ ਜੀ ਟੀ ਦੀਆਂ ਸਖ਼ਤ ਹਦਾਇਤਾਂ ਪ੍ਰਤੀ ਜਾਗਰੂਕ ਕੀਤਾ 
Mohali News : ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਰੋਕਣ ਲਈ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ, ਮੋਹਾਲੀ ਪ੍ਰਸ਼ਾਸਨ ਨੇ ਬੁੱਧਵਾਰ ਛੁੱਟੀ ਵਾਲੇ ਦਿਨ ਵੀ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਪਰਾਲੀ ਸਾੜਨ ਦੇ ਵਾਤਾਵਰਣ ਦੇ ਖਤਰਿਆਂ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਨੇੜੇ ਉਪਲਬਧ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੇ ਹਾਟ-ਸਪਾਟ (ਜਿੱਥੇ ਅੱਗ ਲੱਗਣ ਦੀਆਂ ਜ਼ਿਆਦਾ ਘਟਨਾਵਾਂ ਸਾਹਮਣੇ ਆਈਆਂ) ਖੇਤਰਾਂ ਦਾ ਦੌਰਾ ਕਰਨ ਦੇ ਨਿਰਦੇਸ਼ਾਂ ਅਨੁਸਾਰ ਇਸ ਸਾਲ ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਜ਼ੀਰੋ ਘਟਨਾਵਾਂ ਨੂੰ ਯਕੀਨੀ ਬਣਾਉਣ ਲਈ ਸੀਨੀਅਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਜਿਵੇਂ ਕਿ ਏ.ਡੀ.ਸੀ., ਐਸ.ਡੀ.ਐਮਜ਼, ਮਾਲ ਅਧਿਕਾਰੀ, ਖੇਤੀਬਾੜੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਬੁੱਧਵਾਰ ਨੂੰ ਜਨਤਕ ਛੁੱਟੀ ਦੇ ਬਾਵਜੂਦ ਫੀਲਡ ਵਿੱਚ ਡਟੇ ਰਹੇ। 

ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐੱਸ ਤਿੜਕੇ, ਐਸ.ਡੀ.ਐਮ ਡੇਰਾਬੱਸੀ ਅਮਿਤ ਗੁਪਤਾ, ਐਸ.ਡੀ.ਐਮ ਖਰੜ ਗੁਰਮੰਦਰ ਸਿੰਘ, ਪੀ.ਸੀ.ਐਸ ਟਰੇਨੀ ਰੁਪਿੰਦਰਪਾਲ ਸਿੰਘ, ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ, ਸਹਾਇਕ ਡਾਇਰੈਕਟਰ ਪਸ਼ੂ ਪਾਲਣ ਡਾ. ਲੋਕੇਸ਼, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਗੜਾਂਗਾ, ਨਿਆਮੀਆਂ, ਮਛਲੀਪੁਰ, ਨਬੀਪੁਰ, ਮਹਿਮੂਦਪੁਰ, ਬਹਿਲੋਲਪੁਰ, ਸਿੰਹਪੁਰ, ਦਾਊਂ, ਸ਼ਰਬਤਗੜ੍ਹ, ਛੱਤ, ਭਾਂਖਰਪੁਰ, ਨਾਨੂਮਾਜਰਾ, ਸੁਖਗੜ੍ਹ, ਦੁਸਾਰਨਾ, ਖਿਜ਼ਰਾਬਾਦ, ਧਨੌਰਾ, ਤੋਗਾਂ, ਸਿੰਘਪੁਰਾ, ਨਗਲਾ, ਸਨੌਲੀ, ਗਾਜ਼ੀਪੁਰ, ਸਿਆਉ ਅਤੇ ਪਿੰਡ ਬੜੀ ਦਾ ਦੌਰਾ ਕੀਤਾ।

ਪ੍ਰਸ਼ਾਸਕੀ ਟੀਮਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਅਤੇ ਸਮਝਾਇਆ। ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਭਰੋਸਾ ਦਿੱਤਾ ਗਿਆ ਕਿ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪਿੰਡ ਅਤੇ ਆਲੇ-ਦੁਆਲੇ ਪਿੰਡਾਂ ਵਿੱਚ ਬਹੁਤ ਸਾਰੀ ਮਸ਼ੀਨਰੀ ਉਨ੍ਹਾਂ ਦੀ ਵਰਤੋਂ ਲਈ ਉਪਲਬਧ ਹੈ। ਪਿੰਡ ਵਾਸੀਆਂ ਨੂੰ ਇਸ ਵਿਸ਼ੇ ‘ਤੇ ਸੁਪਰੀਮ ਕੋਰਟ, ਐਨ ਜੀ ਟੀ ਅਤੇ ਸੀ ਏ ਕਿਊ ਐਮ (ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਇਨ ਐਨ ਸੀ ਆਰ) ਦੇ ਨਿਰਦੇਸ਼ਾਂ ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਇਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ।

ਇਸ ਤੋਂ ਇਲਾਵਾ ਨੋਡਲ ਅਫ਼ਸਰਾਂ ਅਤੇ ਕਲੱਸਟਰ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੇ ਤਾਇਨਾਤੀ ਖੇਤਰ ਵਿੱਚ ਪਰਾਲੀ ਨਾ ਸਾੜਨ ਦੇ ਮਾਮਲੇ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਖੇਤ ਨੂੰ ਅੱਗ ਲੱਗਣ ਦੀ ਘਟਨਾ ਵਾਪਰਨ ਦੀ ਸੂਰਤ ਵਿੱਚ ਨਜ਼ਦੀਕੀ ਤਾਇਨਾਤ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਤੁਰੰਤ ਬੁਝਾਉਣ। ਇਸ ਤੋਂ ਇਲਾਵਾ ਸਬੰਧਤ ਥਾਣਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਾਟ-ਸਪਾਟ ਥਾਵਾਂ ‘ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। 

Leave a Reply

Your email address will not be published. Required fields are marked *