
ਬਸੀ ਪਠਾਣਾ/ਫਤਹਿਗੜ੍ਹ ਸਾਹਿਬ, 15 ਮਈ: ਬੱਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਹਲਕੇ ਦੇ 4 ਸਰਕਾਰੀ ਸਕੂਲਾਂ ਵਿੱਚ 17.164 ਲੱਖ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸਕੂਲ ਆਫ ਐਮੀਨੈਂਸ ਰਾਹੀਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਹੁਣ ਸਕੂਲ ਆਫ ਹੈਪੀਨੈੱਸ ਰਾਹੀਂ ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਆਧੁਨਿਕ ਸਿੱਖਿਆ ਤਕਨੀਕਾਂ ਨਾਲ ਪੜ੍ਹਾ ਕੇ ਭਵਿੱਖ ਉਜਵਲ ਬਣਾਇਆ ਜਾਵੇਗਾ।
ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਜਵੰਧਾ ਵਿਖੇ 7.5 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬਡਵਾਲਾ ਵਿਖੇ 1.6 ਲੱਖ, ਸਰਕਾਰੀ ਮਿਡਲ ਸਕੂਲ ਜੈ ਸਿੰਘ ਵਾਲਾ ਵਿਖੇ 6.432 ਲੱਖ ਅਤੇ ਸਰਕਾਰੀ ਹਾਈ ਸਕੂਲ ਬਡਵਾਲਾ ਵਿਖੇ 1.5 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਤੇ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਬੁਲੰਦੀਆਂ ਛੂਹ ਸਕਣ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਸਰਕਾਰੀ ਸਕੂਲਾਂ ਦੇ ਅਧਿਆਪਕ ਸਕੂਲਾਂ ਦੇ ਛੋਟੇ-ਛੋਟੇ ਕੰਮ ਕਰਵਾਉਣ ਲਈ ਵੀ ਸਿਆਸੀ ਆਗੂਆਂ ਦੀਆਂ ਮਿੰਨਤਾ ਕਰਦੇ ਸਨ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਧਿਆਪਕਾਂ ਤੋਂ ਸਿਰਫ ਪੜ੍ਹਾਉਣ ਦਾ ਕੰਮ ਲੈਣ ਵਾਸਤੇ ਸਕੂਲਾਂ ਵਿੱਚ ਕੈਂਪਸ ਮੈਨੇਜਰ ਰੱਖੇ ਜੋ ਕਿ ਸਕੂਲਾਂ ਦੀ ਹਰੇਕ ਪੱਖੋਂ ਨਿਗਰਾਨੀ ਕਰਦੇ ਹਨ।
ਇਸ ਮੌਕੇ ਮਾਰਕੀਟ ਕਮੇਟੀ ਬੱਸੀ ਪਠਾਣਾ ਦੇ ਚੇਅਰਮੈਨ ਮਨਪ੍ਰੀਤ ਸਿੰਘ ਸੋਮਲ, ਧਰਮਿੰਦਰ ਸਿੰਘ ਪਨੇਚਾ ਸਿੱਖਿਆ ਕੋਆਰਡੀਨੇਟਰ ਹਲਕਾ ਬੱਸੀ ਪਠਾਣਾ, ਕਸ਼ਮੀਰ ਸਿੰਘ ਬਲਾਕ ਪ੍ਰਧਾਨ, ਹਰਜੀਤ ਸਿੰਘ ਡਡਿਆਣਾ, ਬਲਜੀਤ ਸਿੰਘ ਲੂਲੋਂ,ਪ੍ਰਭਦੀਪ ਸਿੰਘ ਸਰਪੰਚ ਮਾਨਪੁਰ, ਹਰਪ੍ਰੀਤ ਸਿੰਘ ਮਹੇਸ਼ਪੁਰਾ,ਲਵਲੀ ਸੰਘੋਲ,ਗੁਰਜੀਤ ਸਿੰਘ ਸਰਪੰਚ ਬਡਵਾਲਾ,ਮਨਜੋਤ ਸਿੰਘ ਸਰਪੰਚ ਜਵੰਦਾ,ਅਮਰਜੀਤ ਸਿੰਘ ਸਰਪੰਚ ਜੈ ਸਿੰਘ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਅਧਿਆਪਕ, ਮਾਪੇ ਤੇ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜਰ ਸਨ।