ਜਲਾਲਾਬਾਦ 19 ਨਵੰਬਰ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਿਆਂ ਵਿਚ ਲਗਾਤਾਰ ਵਿਕਾਸ ਪ੍ਰੋਜੈਕਟ ਉਲੀਕੇ ਜਾ ਰਹੇ ਹਨ । ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣਾ ਤੇ ਸਹੀ ਰਾਹੇ ਵੱਲ ਪਾਉਣਾ ਲਾਜਮੀ ਹੈ। ਇਸ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਮੈਦਾਨਾਂ ਦੀ ਸੌਗਾਤ ਦਿੱਤੀ ਜਾ ਰਹੀ ਹੈ ਤਾਂ ਜੋ ਨੋਜਵਾਨ ਆਪਣੀ ਐਨਰਜੀ ਨੂੰ ਸਹੀ ਰਸਤੇ ਵੱਲ ਲਾਉਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਲਗਭਗ ਲਗਭਗ 2 ਕਰੋੜ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਸ੍ਰੀ ਗੋਲਡੀ ਨੇ ਦੱਸਿਆ ਕਿ ਚੱਕ ਅਰਨੀਵਾਲਾ ਵਿਖੇ 28 ਲੱਖ ਦੀ ਲਾਗਤ ਨਾਲ ਖੇਡ ਸਟੇਡੀਅਮ ਅਤੇ ਕਾਠਗੜ ਵਿਖੇ 29 ਲੱਖ ਦੀ ਲਾਗਤ ਨਾਲ ਖੇਡ ਸਟੇਡੀਅਮ ਦੇ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਮਾੜੀਆਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ, ਇਸ ਲਈ ਨੌਜਵਾਨਾ ਵਾਸਤੇ ਪਿੰਡਾਂ ਵਿਖੇ ਖੇਡ ਮੈਦਾਨ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਖੇਡਾਂ ਖੇਡ ਕੇ ਆਪਣਾ ਨਾਮ ਚਮਕਾਉਣ ਤੇ ਆਪਦੀ ਸਿਹਤ ਪੱਖੋਂ ਵੀ ਤੰਦਰੁਸਤ ਰਹਿਣ। ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮਾਂ ਦੀ ਸਿਰਜਣਾ ਨਾਲ ਨੌਜਵਾਨਾਂ ਦਾ ਧਿਆਨ ਵੀ ਕੇਂਦਰਿਤ ਰਹੇਗਾ ਤੇ ਨਾਕਾਰਾਤਮਕ ਆਦਤਾਂ ਤੋਂ ਬਚਿਆ ਜਾ ਸਕੇਗਾ।
ਇਸ ਤੋਂ ਇਲਾਵਾ ਪਿੰਡ ਰੱਤਾ ਖੇੜਾ ਵਿਖੇ 27.22 ਲੱਖ, ਹਲੀਮ ਵਾਲਾ ਵਿਖੇ 26 ਲੱਖ ਅਤੇ ਸੜੀਆਂ ਵਿਖੇ 37 ਲੱਖ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਪਿੰਡ ਸੜੀਆਂ ਵਿਖੇ ਸਿਹਤ ਸੁਵਿਧਾਵਾਂ ਵਿਚ ਵਾਧਾ ਕਰਦੇ ਹੋਏ ਹੈਲਥ ਐਂਡ ਵੈਲਨੈਸ ਸੈਂਟਰ 35 ਲੱਖ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਤਾਰੇ ਵਾਲਾ ਵਿਖੇ 13 ਲੱਖ ਦੀ ਲਾਗਤ ਨਾਲ ਖੇਡ ਮੈਦਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਲਾਇਬ੍ਰੇਰੀ ਅਤੇ ਨਹਿਰੀ ਖਾਲਿਆਂ ਦਾ ਵੀ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੀ ਉਸਾਰੀ ਨਾਲ ਸਾਡਾ ਭਵਿੱਖ ਕਿਤਾਬਾਂ ਨਾਲ ਜੁੜੇਗਾ ਤੇ ਗਿਆਨ ਦਾ ਭੰਡਾਰ ਮੰਨੀ ਜਾਂਦੀ ਲਾਇਬ੍ਰੇਰੀ ਤੋਂ ਅਨੇਕਾਂ ਕਿਤਾਬਾਂ ਤੋਂ ਸਿਖਿਆ ਹਾਸਲ ਹੋਵੇਗਾ।
ਉਨ੍ਹਾਂ ਕਿਹਾ ਕਿ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਕਿਤਾਬਾਂ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਵੀਰਾਂ ਦੇ ਹਿੱਤਾਂ ਲਈ ਵੀ ਲਗਾਤਾਰ ਉਪਰਾਲੇ ਕਰ ਰਹੀ ਹੈ, ਪੱਕੇ ਨਹਿਰੀ ਖਾਲਿਆਂ ਦੀ ਉਸਾਰੀ ਨਾਲ ਕਿਸਾਨਾਂ ਨੂੰ ਪਾਣੀ ਭਰਪੂਰ ਮਾਤਰਾ ਵਿਚ ਪ੍ਰਾਪਤੀ ਹੋਵੇਗੀ ਤੇ ਕਿਸੇ ਤਰ੍ਹਾਂ ਨਾਲ ਪਾਣੀ ਦੀ ਘਾਟ ਨਹੀਂ ਰਹੇਗੀ ਤੇ ਫਸਲਾਂ ਲਈ ਲੋੜ ਅਨੁਸਾਰ ਪਾਣੀ ਮਿਲੇਗਾ ਜਿਸ ਨਾਲ ਕਿਸਾਨ ਆਰਥਿਕ ਪੱਖੋਂ ਹੋਰ ਉਪਰ ਉਠ ਸਕੇਗਾ।


