ਜਲਾਲਾਬਾਦ, 9 ਸਤੰਬਰ,
ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਅੱਜ 5 ਲੱਖ 63 ਹਜਾਰ ਰੁਪਏ ਦੀ ਕਿਸਤੀ ਆਪਣੇ ਹਲਕੇ ਦੇ ਪਿੰਡ ਆਤੂ ਵਾਲਾ ਦੇ ਲੋਕਾਂ ਨੂੰ ਭੇਂਟ ਕੀਤੀ। ਇਹ ਪਿੰਡ ਸਤਲੁਜ ਨਦੀ ਦੇ ਪਾਣੀ ਦੀ ਮਾਰ ਹੇਠ ਆਇਆ ਹੋਇਆ ਸੀ ਅਤੇ ਬੀਤੇ ਦਿਨੀਂ ਪਿੰਡ ਦੇ ਲੋਕਾਂ ਨੇ ਵਿਧਾਇਕ ਕੋਲ ਕਿਸਤੀ ਦੀ ਮੰਗ ਰੱਖੀ ਸੀ ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਤੁਰੰਤ ਇਹ ਕਿਸਤੀ ਖਰੀਦ ਕਰਕੇ ਪਿੰਡ ਨੂੰ ਅੱਜ ਮੁਹਈਆ ਕਰਵਾ ਦਿੱਤੀ। ਕਿਸਤੀ ਨੂੰ ਪਾਣੀ ਵਿਚ ਉਤਾਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ।
ਇਸ ਮੌਕੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੂਰੀ ਪੰਜਾਬ ਸਰਕਾਰ ਇਸ ਕੁਦਰਤੀ ਆਫ਼ਤ ਦੇ ਸਮੇਂ ਆਪਣੇ ਲੋਕਾਂ ਨਾਲ ਡੱਟ ਕੇ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਲੋਕ ਇਸ ਆਫ਼ਤ ਦਾ ਸਾਹਮਣਾ ਪੂਰੀ ਚੜਦੀ ਕਲਾ ਨਾਲ ਕਰ ਰਹੇ ਹਨ ਅਤੇ ਸਰਕਾਰ ਵੀ ਉਨ੍ਹਾਂ ਨੂੰ ਹਰ ਮਦਦ ਮੁਹਈਆ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਲੋਕਾਂ ਦੇ ਹਰੇ ਚਾਰੇ ਦੀ ਫਸਲ ਡੁੱਬ ਗਈ ਹੈ ਇਸ ਲਈ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਨੂੰ ਜਾਨਵਰਾਂ ਲਈ ਕੈਟਲ ਫੀਡ ਮੁਹਈਆ ਕਰਵਾਈ ਜਾ ਰਹੀ ਹੈ। ਦੂਜ਼ੇ ਪਾਸੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਵੰਡ ਵੀ ਕੀਤੀ ਜਾ ਰਹੀ ਹੈ। ਮੰਗ ਅਨੁਸਾਰ ਕਿਸਤੀਆਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ।
ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਦੋ ਵੱਡੇ ਫੈਸਲੇ ਹੜ੍ਹ ਪੀੜਤਾਂ ਲਈ ਕੀਤੇ ਹਨ, ਜਿਸ ਤਹਿਤ ਦਰਿਆ ਨਾਲ ਰੁੜ ਕੇ ਆਈ ਮਿੱਟੀ ਹੁਣ ਖੇਤ ਮਾਲਕ ਦੀ ਹੋਵੇਗੀ ਅਤੇ ਫਸਲਾਂ ਦੇ ਖਰਾਬੇ ਲਈ ਸਰਕਾਰ ਵੱਲੋਂ ਪ੍ਰਤੀ ਏਕੜ 15 ਦੀ ਬਜਾਏ ਹੁਣ 20 ਹਜਾਰ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਮਿਲੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਜਲਾਲਾਬਾਦ ਦੇ ਐਸਡੀਐਮ ਕੰਵਰਜੀਤ ਸਿੰਘ ਮਾਨ ਵੀ ਹਾਜਰ ਸਨ। ਕਿਸਤੀ ਨੂੰ ਤੁਰੰਤ ਪ੍ਰਭਾਵ ਤੋਂ ਪਿੰਡ ਦੇ ਲੋਕਾਂ ਦੀ ਸੇਵਾ ਵਿਚ ਲਗਾ ਦਿੱਤਾ ਗਿਆ ਅਤੇ ਪਿੰਡ ਨੂੰ ਨਵੀਂ ਕਿਸਤੀ ਮਿਲ ਜਾਣ ਨਾਲ ਇਹ ਲੋਕ ਬਹੁਤ ਖੁਸ਼ ਹਨ।


