-ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਉਪਰਾਲੇ ਅਤੇ ਮਾਲ ਅਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆ ਦੀ ਅਗਵਾਈ ਹੇਠ ਸਵਾ 2 ਕਰੋੜ ਦੀ ਲਾਗਤ ਨਾਲ ਅਰਨੀਵਾਲਾ ਸਬ ਤਹਿਸੀਲ ਦੀ ਇਮਾਰਤ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨਾਂ ਨੇ ਬੋਲਦਿਆਂ ਕਿਹਾ ਕਿ ਇਸ ਇਮਾਰਤ ਦੇ ਵਿੱਚ ਮਾਲ ਵਿਭਾਗ ਨਾਲ ਸਬੰਧਿਤ ਸਾਰੀਆਂ ਸਹੂਲਤਾਂ ਇਲਾਕਾ ਵਾਸੀਆਂ ਨੂੰ ਇਕ ਥਾਂ ਹੇਠ ਮੁਹੱਈਆ ਕਰਵਾ ਕੇ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਸਬ ਤਹਿਸੀਲ ਦੀ ਨਵੀਂ ਇਮਾਰਤ 6 ਮਹੀਨਿਆਂ ਵਿੱਚ ਤਿਆਰ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਰਨੀਵਾਲਾ ਬਲਾਕ ਵਿੱਚ 28 ਲਿੰਕ ਸੜਕਾਂ ਦੀ ਰਿਪੇਅਰ ਅਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ।

ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਬਲਾਕ ਅਰਨੀਵਾਲਾ ਦੇ ਕਿਸਾਨਾਂ ਦੇ ਪੱਕੇ ਖਾਲਾਂ ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਜਿਸ ਦਾ ਪੰਜਾਬ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੋ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਵਿਧਾਇਕ ਜਗਦੀਪ ਕੰਬੋਜ ਨੇ ਕਿਹਾ ਕਿ ਅਰਨੀਵਾਲਾ ਨਗਰ ਪੰਚਾਇਤ ਵਿੱਚ ਸੀਵਰੇਜ ਦਾ ਕੰਮ ਵੀ 90 ਫੀਸਦੀ ਮੁਕੰਮਲ ਕਰ ਦਿੱਤਾ ਗਿਆ ਹੈ।
