ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਤੇ ਪਤਨੀ ਨੇ ਰਾਹਤ ਕੈਂਪਾਂ ਦੀ ਸੰਭਾਲੀ ਕਮਾਨ

ਫਾਜ਼ਿਲਕਾ 28 ਅਗਸਤ 2025…
ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਇੱਕ ਪਾਸੇ ਹਲਕਾ ਫਾਜ਼ਿਲਕਾ ਦੇ ਵਿਧਾਇਕ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਕਮਾਨ ਸੰਭਾਲ ਲਈ ਹੈ ਤੇ ਦੂਸਰੇ ਪਾਸੇ ਵਿਧਾਇਕ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਰਾਹਤ ਕੈਂਪਾਂ ਦੀ ਕਮਾਨ ਸੰਭਾਲ ਲਈ ਹੈ।
ਇਸੇ ਤਹਿਤ ਹੀ ਫਾਜ਼ਿਲਕਾ ਦੇ ਵਿਧਾਇਕ ਨੇ ਹੜ੍ਹ ਪ੍ਰਭਾਵਿਤ ਢਾਣੀ ਸੱਦਾ ਸਿੰਘ, ਗੁਲਾਬਾ ਭੈਣੀ ਤੇ ਹੋਰ ਢਾਣੀਆਂ ਸਮੇਤ ਹੜ੍ਹ ਪ੍ਰਭਾਵਿਤ ਪਿੰਡ ਘੁਰਕਾ, ਵੱਲੇ ਸ਼ਾਹ ਹਿਠਾੜ (ਨੂਰਸ਼ਾਹ) ਸਮੇਤ ਹੋਰ ਪਿੰਡਾਂ ਵਿੱਚ ਵਿਚਰ ਕੇ ਲੋਕਾਂ ਦਾ ਹਾਲ ਚਾਲ ਪੁੱਛ ਕੇ ਰਾਹਤ ਸਮੱਗਰੀ ਦੀ ਵੰਡ ਕੀਤੀ ਤੇ ਦੂਸਰੇ ਪਾਸੇ ਉਨ੍ਹਾਂ ਦੀ ਧਰਮਪਤਨੀ ਮੈਡਮ ਖੁਸ਼ਬੂ ਨੇ ਰਾਹਤ ਕੈਂਪਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਮੁਹੱਈਆਂ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਹੋਰ ਖਾਣ ਪੀਣ ਦੀ ਸੁਵਿਧਾਵਾਂ ਦੀ ਚੈਕਿੰਗ ਕੀਤੀ ਤੇ ਖੁਦ ਵੀ ਰਾਹਤ ਕੈਂਪਾਂ ਵਿੱਚ ਖਾਣ ਪੀਣ ਦੀ ਸਮੱਗਰੀ ਦੀ ਵੰਡ ਕੀਤੀ।  
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਉਹ ਹਲਕੇ ਦੇ ਲੋਕਾਂ ਦੇ ਨਾਲ ਖੜ੍ਹੇ ਹਨ ਤੇ ਉਹ ਰੋਜ਼ਾਨਾ ਮੋਟਰ ਬੋਟਾਂ ਤੇ ਲੋਕਾਂ ਦਾ ਹਾਲ ਚਾਲ ਜਾਣਨ ਤੇ ਰਾਹਤ ਸਮੱਗਰੀ ਦੀ ਵੰਡ ਕਰਨ ਆ ਰਹੇ ਹਨ। ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਜੇਕਰ ਲੋਕਾਂ ਨੂੰ ਉਨ੍ਹਾਂ ਦੀ ਕੋਈ ਵੀ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਤੇ ਉਨ੍ਹਾਂ ਨਾਲ ਉਹ ਫੋਨ ਨੰਬਰ ਤੇ ਰਾਬਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਤੇ ਢਾਣੀਆਂ ਵਾਲੇ ਲੋਕ ਰਾਹਤ ਕੈਂਪਾਂ ਵਿੱਚ ਜਾਣਾ ਚਾਹੁੰਦੇ ਹਨ ਬੇਝਿਜਕ ਹੋ ਕੇ ਦੱਸਣ ਉਹ ਉਨ੍ਹਾਂ ਨੂੰ ਰਾਹਤ ਕੈਂਪਾਂ ਵਿੱਚ ਲੈ ਕੇ ਜਾਣਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਤੁਹਾਡੀਆਂ ਹੜ੍ਹ ਨਾਲ ਹੋਈਆਂ ਖ਼ਰਾਬ ਫਸਲਾਂ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ।  
ਦੂਜੇ ਪਾਸੇ ਮੈਡਮ ਖੁਸ਼ਬੂ ਸਾਵਨਸੁੱਖਾ ਵੀ ਰਾਹਤ ਕੈਂਪਾਂ ਵਿੱਚ ਜਾ ਕੇ ਲੋਕਾਂ ਦਾ ਹਾਲ ਚਾਲ ਪੁੱਛ ਰਹੇ ਹਨ ਤੇ ਰਾਹਤ ਸਮੱਗਰੀ ਦੀ ਵੰਡ ਕਰ ਰਹੇ ਹਨ ਤੇ ਡਾਕਟਰੀ ਟੀਮਾਂ ਦੀ ਮਦਦ ਨਾਲ ਲੋਕਾਂ ਦਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਤਿਆਰ ਹਨ ਤੇ ਇਹ ਉਨ੍ਹਾਂ ਦਾ ਆਪਣਾ ਹੀ ਪਰਿਵਾਰ ਹੈ ਤੇ ਉਹਨਾਂ ਅੱਜ ਹਲਕੇ ਦੇ ਪਿੰਡ ਲਾਧੂਕਾ ਦੇ ਲੋਕਾਂ ਨੂੰ ਰਾਹਤ ਕੈਂਪ ਰਾਣਾ ਵਿੱਚ ਜਾਣ ਦੀ ਅਪੀਲ ਵੀ ਕੀਤੀ! ਉਨ੍ਹਾਂ ਰਾਹਤ ਕੈਂਪ ਮੌਜਮ ਤੇ ਰਾਣਾ ਵਿੱਚ ਵੀ ਪਹੁੰਚ ਕੇ ਲੋਕਾਂ ਦਾ ਹਾਲ ਚਾਲ ਜਾਣਿਆ। ਇਸ ਤੋ ਇਲਾਵਾ ਉਹ ਨੰਨ੍ਹੇ ਮੁੰਨ੍ਹੇ ਬੱਚਿਆਂ, ਔਰਤਾਂ ਤੇ ਪੁਰਸ਼ਾਂ ਨਾਲ ਵਿਚਰ ਕੇ ਕੁਦਰਤ ਦੀ ਇਸ ਕਰੋਪੀ ਵਿੱਚ ਉਨ੍ਹਾਂ ਦਾ ਦੁੱਖ ਵੰਡਾਇਆ!

Leave a Reply

Your email address will not be published. Required fields are marked *