ਬਸ ਸਟੈਂਡ ਸ਼ਿਫਟ ਨਾ ਕਰਨ ਸਬੰਧੀ ਫਾਜ਼ਿਲਕਾ ਹਲਕੇ ਦਾ ਵਪਾਰੀ ਵਰਗ ਦਾ ਵੱਡਾ ਵਫਦ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਵਿਧਾਇਕ ਫਾਜ਼ਿਲਕਾ ਨੂੰ ਬੱਸ ਅੱਡਾ ਸ਼ਿਫਟ ਕਰਨ ਨਾਲ ਵਪਾਰੀ ਵਰਗ ਦੇ ਰੋਜਗਾਰ ਵਿਚ ਪੈਣ ਵਾਲੇ ਪ੍ਰਭਾਵ ਅਤੇ ਹੋਰ ਤੱਥਾਂ ਬਾਰੇ ਬਾਰੇ ਜਾਣੂੰ ਕਰਵਾਇਆ। ਇਸ ਦੌਰਾਨ ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਲੋਕਾਂ ਦੀ ਰਾਏ ਨਾਲ ਲੋਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਬਸ ਸਟੈਂਡ ਦੇ ਮੁੱਦੇ ਦਾ ਪੰਜਾਬ ਸਰਕਾਰ ਵੱਲੋਂ ਹਲ ਕੀਤਾ ਜਾਵੇਗਾ।
ਵਪਾਰੀ ਵਰਗ ਨੇ ਦੱਸਦਿਆਂ ਕਿਹਾ ਕਿ ਪੁਰਾਣੇ ਬਸ ਸਟੈਂਡ ਦੇ ਨੇੜੇ ਰੇਲਵੇ ਸਟੇਸ਼ਨ, ਮਹਾਜਨ ਮਾਰਕੀਟ, ਸਰਕਾਰੀ ਸਕੂਲ ਲੜਕੀਆਂ ਅਤੇ ਲੜਕੇ, ਘੰਟਾ ਘਰ ਮਾਰਕੀਟ, ਉਨ ਬਜਾਰ ਆਦਿ ਸਾਰੇ ਬਜਾਰ ਹਨ ਜਿਨ੍ਹਾਂ ਕਰਕੇ ਅਨੇਕਾ ਪਰਿਵਾਰਾਂ ਦਾ ਰੋਜਗਾਰ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਜਾਰਾਂ ਨਾਲ ਅਨੇਕਾ ਪਿੰਡ ਜੁੜੇ ਹਨ ਜਿਨ੍ਹਾਂ ਨੂੰ ਆਉਣ-ਜਾਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਸਕੂਲੀ ਵਿਦਿਆਰਥਣਾਂ/ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ ਜੋ ਸਿੱਧਾ ਇਥੇ ਹੀ ਉਤਰਦੇ ਹਨ ਤੇ ਨਾਲ ਹੀ ਸਕੂਲਾਂ ਨੂੰ ਚੱਲੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਬਸ ਸਟੈਂਡ ਸ਼ਿਫਟ ਹੁੰਦਾ ਹੈ ਤਾਂ ਜਿਥੇ ਦੁਕਾਨਦਾਰਾਂ ਦੇ ਰੋਜਗਾਰ ਤੇ ਅਸਰ ਪਵੇਗਾ, ਪਰਿਵਾਰਾਂ ਦੀ ਆਰਥਿਕ ਸਥਿਤੀ ਵੀ ਕਮਜੋਰ ਹੋਵੇਗੀ। ਉਥੇ ਵਿਦਿਆਰਥਣਾਂ/ਵਿਦਿਆਰਥੀਆਂ ਨੂੰ ਆਉਣ ਜਾਣ ਵਿਚ ਅਨੇਕਾ ਦਿੱਕਤਾ ਪੇਸ਼ ਆਉਣਗੀਆਂ। ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਵੀ ਪੈਦਾ ਹੋਵੇਗੀ।
ਇਸ ਦੇ ਜਵਾਬ ਵਿਚ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਲੋਕਾਂ ਤੇ ਦੁਕਾਨਦਾਰਾਂ ਨੂੰ ਆਸ਼ਵਾਸਨ ਦਿੱਤਾ ਕਿ ਲੋਕਾਂ ਦੀ ਰਾਏ ਨਾਲ ਹੀ ਬਸ ਸਟੈਂਡ ਦੇ ਮੁੱਦੇ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਵੀ ਬੱਸ ਅੱਡੇ ਦਾ ਮੁੱਦਾ ਚੁਕਿਆ ਹੈ ਜਿਸ *ਤੇ ਅਸਲ ਸਚਾਈ ਸਾਹਮਣੇ ਆਈ ਹੈ। ਬੱਸ ਅੱਡਾ ਬਣਾਏ ਜਾਣ ਸਮੇਂ ਟਰਾਂਸਪੋਰਟ ਵਿਭਾਗ ਤੋਂ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ ਅਤੇ ਨਾ ਹੀ ਕੋਈ ਗਾਈਡਲਾਈਨਾਂ ਦੀ ਪਾਲਣਾ ਕੀਤੀ ਗਈ। ਲੋਕ ਹਿਤਾਂ ਨੂੰ ਛਿਕੇ ਟੰਗ ਕੇ ਕਾਂਗਰਸ ਸਰਕਾਰ ਵੱਲੋਂ ਆਪਣਾ ਨਿਜੀ ਸਵਾਰਥ ਪਗਾਉਂਦਿਆਂ ਸੁਵਿਧਾਵਾਂ ਰਹਿਤ ਬਸ ਸਟੈਂਡ ਦੀ ਉਸਾਰੀ ਕੀਤੀ ਗਈ। ਜਿਸ ਵਿਚ ਨਾ ਤਾਂ ਪੰਪ, ਨਾ ਹੀ ਸਬ ਡਿਪੂ, ਨਾ ਹੀ ਵਰਕਸ਼ਾਪ ਹੈ ਅਤੇ ਨਾ ਹੀ ਹੋਰ ਕਈ ਜ਼ਰੂਰੀ ਗੱਲਾਂ ਦਾ ਧਿਆਨ ਰੱਖਿਆ ਗਿਆ।
ਵਿਧਾਨ ਸਭਾ ਸੈਸ਼ਨ ਵਿਚ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਸੰਜੀਵ ਅਰੋੜਾ ਨੂੰ ਅਧੂਰੇ ਬੱਸ ਅੱਡੇ ਦੀ ਜਾਂਚ ਕਰਵਾਉਣ ਲਈ ਵੀ ਕਿਹਾ।
ਉਨ੍ਹਾਂ ਕਿਹਾ ਕਿ ਬਸ ਸਟੈਂਡ ਸ਼ਿਫਟ ਕਰਨ ਜਾਂ ਨਾ ਕਰਨ ਸਬੰਧੀ ਜੋ ਵੀ ਫੈਸਲਾ ਹੋਵੇਗਾ ਉਹ ਲੋਕਾਂ ਦੀ ਸਲਾਹ ਲੈ ਕੇ ਅਤੇ ਲੋਕ ਹਿੱਤਾ ਨੂੰ ਧਿਆਨ ਵਿਚ ਰੱਖ ਕੇ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਧ-ਪਚਧੇ ਬਸ ਸਟੈਂਡ *ਤੇ ਜਨਤਾ ਜੋ ਪੈਸਾ ਲਗਿਆ ਹੈ ਉਸਦਾ ਵੀ ਕੋਈ ਨਾ ਕੋਈ ਹੱਲ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤਾਂ ਜੋ ਲੋਕਾਂ ਦਾ ਪੈਸਾ ਲੋਕਾਂ *ਤੇ ਹੀ ਲਗੇ।
